ਓਮੀਕਰੋਨ ਦਾ ਖ਼ੌਫ: UK ਵਾਂਗ ਭਾਰਤ ’ਚ ਵੀ ਫੈਲਿਆ ਤਾਂ ਰੋਜ਼ਾਨਾ ਆਉਣਗੇ 14 ਲੱਖ ਕੇਸ

Saturday, Dec 18, 2021 - 12:35 PM (IST)

ਓਮੀਕਰੋਨ ਦਾ ਖ਼ੌਫ: UK ਵਾਂਗ ਭਾਰਤ ’ਚ ਵੀ ਫੈਲਿਆ ਤਾਂ ਰੋਜ਼ਾਨਾ ਆਉਣਗੇ 14 ਲੱਖ ਕੇਸ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਦਾ ਖ਼ਤਰਾ ਪੂਰੀ ਦੁਨੀਆ ’ਚ ਬਣਿਆ ਹੋਇਆ ਹੈ। ਭਾਰਤ ’ਚ ਵੀ ਓਮੀਕਰੋਨ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਰਤ ’ਚ ਹੁਣ ਤੱਕ ਓਮੀਕਰੋਨ ਦੇ 113 ਕੇਸ ਸਾਹਮਣੇ ਆ ਚੁੱਕੇ ਹਨ। ਓਧਰ ਸਿਹਤ ਅਧਿਕਾਰੀਆਂ ਨੇ ਓਮੀਕਰੋਨ ਦੇ ਖ਼ਤਰੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਿ੍ਰਟੇਨ ਵਾਂਗ ਇਹ ਭਾਰਤ ’ਚ ਵੀ ਫੈਲਿਆ ਤਾਂ ਰੋਜ਼ਾਨਾ 14 ਲੱਖ ਕੇਸ ਸਾਹਮਣੇ ਆਉਣਗੇ। ਬਿ੍ਰਟੇਨ ’ਚ ਵੀ ਨਵੇਂ ਵੈਰੀਐਂਟ ਨੂੰ ਲੈ ਕੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਬਿ੍ਰਟੇਨ ’ਚ ਵੀਰਵਾਰ ਤੱਕ 80,000 ਨਵੇਂ ਕੇਸ ਮਿਲੇ ਸਨ। ਜੇਕਰ ਭਾਰਤ ਵਿਚ ਵੀ ਓਮੀਕਰੋਨ ਬਿ੍ਰਟੇਨ ਵਾਂਗ ਹੀ ਫੈਲਦਾ ਹੈ ਤਾਂ ਕੀ ਹੋਵੇਗਾ? ਇਸ ਸਵਾਲ ਦਾ ਜਵਾਬ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਸਿਹਤ ਮੰਤਰਾਲਾ ਦੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤਾ। 

ਇਹ ਵੀ ਪੜ੍ਹੋ : SII ਦੀ ਕੋਵਿਡ-19 ਵੈਕਸੀਨ Covovax ਨੂੰ ਮਿਲੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ

ਡਾ. ਵੀ. ਕੇ. ਪਾਲ ਨੇ ਬਿ੍ਰਟੇਨ ਅਤੇ ਫਰਾਂਸ ’ਚ ਸਥਿਤੀ ਨੂੰ ਉਜਾਗਰ ਕਰਦਿਆਂ ਚਿਤਾਵਨੀ ਦਿੱਤੀ ਹੈ, ਜਿੱਥੇ ਓਮੀਕਰੋਨ ਕਾਰਨ ਕੇਸ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹੇ ਦੇਸ਼ਾਂ ’ਚ ਰੋਜ਼ਾਨਾ ਮਾਮਲਿਆਂ ਨੂੰ ਭਾਰਤ ਦੀ ਆਬਾਦੀ ਦੇ ਲਿਹਾਜ ਨਾਲ ਵੇਖਿਆ ਜਾਵੇ ਤਾਂ ਇਸ ਦਾ ਮਤਲਬ ਹੋਵੇਗਾ ਇੱਥੇ ਇਕ ਦਿਨ ਵਿਚ 14 ਲੱਖ ਕੇਸ ਆਉਣਗੇ। ਇਸ ਤਰ੍ਹਾਂ ਫ਼ਰਾਸ ਜਿੱਥੇ 80 ਫ਼ੀਸਦੀ ਟੀਕਾਕਰਨ ਹੋ ਚੁੱਕਾ ਹੈ, ਜਿੱਥੇ 65,000 ਕੇਸ ਰਿਪੋਰਟ ਕੀਤੇ ਜਾ ਚੁੱਕੇ ਹਨ। ਦਰਅਸਲ ਭਾਰਤ ’ਚ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਲੋਕ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਲਈ ਪਾਰਟੀਆਂ ਕਰਦੇ ਹਨ। ਅਜਿਹੇ ਵਿਚ ਓਮੀਕਰੋਨ ਦਾ ਖ਼ਤਰਾ ਵਧੇਰੇ ਹੋ ਸਕਦਾ ਹੈ।

ਇਹ ਵੀ ਪੜ੍ਹੋ : ਦੇਸ਼ ’ਚ 569 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਸਰਗਰਮ ਮਾਮਲੇ ਆਏ ਸਾਹਮਣੇ

ਡਾ. ਪਾਲ ਨੇ ਕਿਹਾ ਕਿ ਯੂਰਪ ਵਿਚ ਵਾਇਰਸ ਦੇ ਕੇਸਾਂ ’ਚ ਤੇਜ਼ੀ ਆਉਣ ਨਾਲ ਉੱਥੇ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਨਵੇਂ ਪੜਾਅ ਦਾ ਅਨੁਭਵ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰਨ ਟੀਕਾਕਰਨ, ਮਾਸਕ ਪਹਿਨਣਾ, ਵੱਡੀਆਂ ਸਭਾਵਾਂ ਤੋਂ ਬੱਚਣਾ ਬਹੁਤ ਹੀ ਮਹੱਤਵਪੂਰਨ ਹੋ ਸਕਦਾ ਹੈ। ਭਾਰਤ ’ਚ ਉਪਲੱਬਧ ਟੀਕੇ ਪ੍ਰਭਾਵੀ ਹਨ। ਵੈਕਸੀਨ ਬੂਸਟਰ ਡੋਜ਼ ’ਤੇ ਇਕ ਵਿਗਿਆਨਕ ਅਧਿਐਨ ’ਤੇ ਛੇਤੀ ਫ਼ੈਸਲਾ ਲਿਆ ਜਾਵੇਗਾ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਅਗਰਵਾਲ ਨੇ ਕਿਹਾ ਕਿ ਓਮੀਕਰੋਨ ਦੇ ਮਾਮਲੇ 91 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ। ਡਬਲਯੂ. ਐੱਚ. ਓ. ਨੇ ਕਿਹਾ ਕਿ ਦੱਖਣੀ ਅਫ਼ਰੀਕਾ ’ਚ ਓਮੀਕਰੋਨ ਡੈਲਟਾ ਦੇ ਮੁਕਾਬਲੇ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ, ਜਿੱਥੇ ਡੈਲਟਾ ਦੀ ਰਫ਼ਤਾਰ ਕਾਫੀ ਘੱਟ ਸੀ। ਖ਼ਦਸ਼ਾ ਹੈ ਕਿ ਜਿੱਥੇ ਕਮਿਊਨਿਟੀ ਪ੍ਰਸਾਰ ਹੋਵੇਗਾ, ਉੱਥੇ ਓਮੀਕਰੋਨ ਵਧੇਰੇ ਫੈਲੇਗਾ। 

ਇਹ ਵੀ ਪੜ੍ਹੋ : ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਨਸ਼ੇੜੀ ਨਾਬਾਲਗ ਪੁੱਤ ਨੇ ਕੁਹਾੜੀ ਨਾਲ ਵੱਢੇ ਮਾਪੇ


 


 


author

Tanu

Content Editor

Related News