UK ਸਰਕਾਰ 'ਚ ਕਈ ਭਾਰਤੀ ਸ਼ਾਮਲ, ਪਾਕਿਸਤਾਨੀ ਸਾਜਿਦ ਬਣੇ ਵਿੱਤ ਮੰਤਰੀ
Thursday, Jul 25, 2019 - 09:41 AM (IST)

ਲੰਡਨ— ਬ੍ਰਿਟੇਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ। ਇਸ 'ਚ ਵਧੇਰੇ ਨੇਤਾ ਉਹ ਹਨ ਜੋ ਪਹਿਲਾਂ ਵੀ ਬੋਰਿਸ ਨਾਲ ਕੰਮ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਬੋਰਿਸ ਨੇ ਆਪਣੀ ਕੈਬਨਿਟ 'ਚ ਭਾਰਤੀ ਮੂਲ ਦੇ ਕਈ ਐੱਮ. ਪੀਜ਼ ਨੂੰ ਸ਼ਾਮਲ ਕੀਤਾ ਹੈ।
ਅਲੋਕ ਸ਼ਰਮਾ
ਅਲੋਕ ਸ਼ਰਮਾ ਨੂੰ ਕੌਮਾਂਤਰੀ ਵਿਕਾਸ ਦਾ ਰਾਜ ਮੰਤਰੀ ਚੁਣਿਆ ਗਿਆ ਹੈ। 51 ਸਾਲ ਦੇ ਆਲੋਕ ਦਾ ਜਨਮ ਆਗਰਾ 'ਚ ਹੋਇਆ ਸੀ ਪਰ ਉਹ 5 ਸਾਲ ਦੀ ਉਮਰ 'ਚ ਆਪਣੇ ਮਾਂ-ਬਾਪ ਨਾਲ ਬ੍ਰਿਟੇਨ ਦੇ ਰੀਡਿੰਗ 'ਚ ਆ ਗਏ ਸਨ। ਪੇਸ਼ੇ ਤੋਂ ਇਕ ਚਾਰਟਰ ਅਕਾਊਂਟੈਂਟ ਆਲੋਕ ਰਾਜਨੀਤੀ 'ਚ ਆਉਣ ਤੋਂ ਪਹਿਲਾਂ 16 ਸਾਲ ਤਕ ਬੈਂਕਿੰਗ ਸੈਕਟਰ 'ਚ ਕੰਮ ਕਰ ਚੁੱਕੇ ਹਨ। ਉਹ 2010 'ਚ ਰੀਡਿੰਗ ਵੈੱਸਟ ਤੋਂ ਸੰਸਦ ਮੈਂਬਰ ਹਨ। ਜੂਨ 2017 'ਚ ਉਨ੍ਹਾਂ ਨੂੰ ਹਾਊਸਿੰਗ ਮੰਤਰੀ ਬਣਾਇਆ ਗਿਆ ਸੀ।
ਪ੍ਰੀਤੀ ਪਟੇਲ
ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਬ੍ਰੈਗਜ਼ਿਟ ਨੀਤੀ ਦੇ ਮੁੱਖ ਆਲੋਚਕਾਂ 'ਚ ਸ਼ਾਮਲ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਉਹ ਬ੍ਰਿਟੇਨ 'ਚ ਭਾਰਤੀ ਮੂਲ ਦੀ ਪਹਿਲੀ ਗ੍ਰਹਿ ਮੰਤਰੀ ਬਣਨ 'ਚ ਕਾਮਯਾਬ ਹੋਈ ਹੈ।
ਰਿਸ਼ੀ ਸੁਨਕ
49 ਸਾਲ ਦੇ ਰਿਸ਼ੀ ਸੁਨਕ ਖਜ਼ਾਨਾ ਮੁੱਖ ਸਕੱਤਰ ਚੁਣੇ ਗਏ ਹਨ। ਫਿਲਹਾਲ ਉਹ ਸਰਕਾਰ 'ਚ ਜੂਨੀਅਰ ਲੋਕਲ ਮੰਤਰੀ ਹਨ। ਉਨ੍ਹਾਂ ਕੋਲ ਸੋਸ਼ਲ ਕੇਅਰ ਸਮੇਤ ਕਈ ਜ਼ਿੰਮੇਵਾਰੀਆਂ ਹਨ। ਉਹ ਆਕਸਫੋਰਡ 'ਚ ਪੜ੍ਹੇ ਹਨ। ਉਨ੍ਹਾਂ ਦੇ ਪਿਤਾ ਡਾਕਟਰ ਸਨ ਅਤੇ ਮਾਂ ਇਕ ਦਵਾਈਆਂ ਦੀ ਦੁਕਾਨ ਚਲਾਉਂਦੀ ਸੀ। ਰਿਸ਼ੀ ਸੁਨਕ ਰਿਚਮੰਡ ਤੋਂ ਸੰਸਦ ਮੈਂਬਰ ਹਨ।
ਪਾਕਿਸਤਾਨ ਮੂਲ ਦੇ ਸਾਜਿਦ ਜਾਵੇਦ ਬਣੇ ਵਿੱਤ ਮੰਤਰੀ—
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਆਪਣੀ ਪਹਿਲੀ ਨਿਯੁਕਤੀ ਦੇ ਤਹਿਤ ਸਾਬਕਾ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੂੰ ਵਿੱਤ ਮੰਤਰੀ ਬਣਾਇਆ ਹੈ। ਪਾਕਿਸਤਾਨ ਮੂਲ ਦੇ ਸਾਜਿਦ ਜਾਵੇਦ ਫਿਲਿਪ ਹੇਮੰਡ ਦੀ ਥਾਂ ਲੈਣਗੇ। ਜਾਵੇਦ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਪ੍ਰਮੁੱਖ ਦਾਅਵੇਦਾਰਾਂ 'ਚ ਸ਼ਾਮਲ ਸਨ ਪਰ ਕੰਜ਼ਰਵੇਟਿਵ ਪਾਰਟੀ ਦੇ ਸਾਥੀ ਸੰਸਦ ਮੈਂਬਰਾਂ ਤੋਂ ਲੋੜੀਂਦਾ ਸਹਿਯੋਗ ਨਾ ਮਿਲਣ 'ਤੇ ਉਨ੍ਹਾਂ ਨੇ ਜਾਨਸਨ ਦੇ ਨਾਂ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।
ਬੋਰਿਸ ਨੇ ਡਾਮਿਨਿਕ ਰਾਬ ਨੂੰ ਬ੍ਰਿਟੇਨ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਰਾਬ (45) ਸਾਲ ਨੇ ਪਿਛਲੇ ਸਾਲ ਥੈਰੇਸਾ ਮੇਅ ਦੀ ਸਰਕਾਰ 'ਚ ਬ੍ਰੈਗਜ਼ਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਥੈਰੇਸਾ ਮੇਅ ਨੇ ਯੂਰਪੀ ਸੰਘ ਤੋਂ ਹਟਣ ਲਈ ਬ੍ਰਸਲਜ਼ ਨਾਲ ਜੋ ਸਮਝੌਤਾ ਕੀਤਾ ਹੈ, ਉਸ ਦੇ ਨਾਲ ਹੀ ਕਈ ਹੋਰ ਸਮਝੌਤੇ ਕਰ ਲਏ ਹਨ। ਬੋਰਿਸ ਨੇ ਹੈਲਥ ਸੈਕੇਟਰੀ ਦੇ ਤੌਰ 'ਤੇ ਮੈਟ ਹੈਨਕੋਕ ਅਤੇ ਬਿਜ਼ਨੈਸ ਸੈਕੇਟਰੀ ਦੇ ਤੌਰ 'ਤੇ ਐਂਡਰੀਆ ਲੀਡਸਮ ਨੂੰ ਚੁਣਿਆ ਹੈ। ਲਿਜ਼ ਟਰੁੱਸ ਨੂੰ ਇੰਟਰਨੈਸ਼ਨਲ ਟਰੇਡ ਸੈਕੇਟਰੀ ਅਤੇ ਗੈਵਿਨ ਵਿਲੀਅਮਸਨ ਨੂੰ ਸਿੱਖਿਆ ਮੰਤਰਾਲਾ ਸੌਂਪਿਆ ਗਿਆ ਹੈ। ਪਹਿਲਾਂ ਉਹ ਰੱਖਿਆ ਮੰਤਰਾਲੇ ਦੀਆਂ ਸੇਵਾਵਾਂ ਦੇ ਚੁੱਕੇ ਹਨ।
ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਜੰਗ ਸ਼ਾਨਦਾਰ ਤਰੀਕੇ ਨਾਲ ਜਿੱਤਣ ਦੇ ਇਕ ਦਿਨ ਬਾਅਦ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਕਮਾਨ ਸੰਭਾਲ ਲਈ। ਉਨ੍ਹਾਂ ਕਿਹਾ ਕਿ 28 ਮੈਂਬਰਾਂ ਵਾਲੇ ਯੂਰੋਪੀਅਨ ਸੰਘ ਨਾਲੋਂ ਬਿਨਾਂ ਕਿਸੇ 'ਕਿੰਤੂ-ਪ੍ਰੰਤੂ' ਦੇ 31 ਅਕਤੂਬਰ ਨੂੰ ਬ੍ਰਿਟੇਨ ਵੱਖ ਹੋ ਜਾਵੇਗਾ। 55 ਸਾਲਾ ਸਾਬਕਾ ਵਿਦੇਸ਼ ਮੰਤਰੀ ਅਤੇ ਲੰਡਨ ਦੇ ਮੇਅਰ ਰਹਿ ਚੁੱਕੇ ਜਾਨਸਨ ਨੇ ਮਹਾਰਾਣੀ ਐਲਿਜ਼ਾਬੇਥ-2 ਨਾਲ ਮੁਲਾਕਾਤ ਤੋਂ ਬਾਅਦ ਡਾਊਨਿੰਗ ਸਟ੍ਰੀਟ ਦੀਆਂ ਪੌੜੀਆਂ ਤੋਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਪਹਿਲਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ, 'ਅਸੀਂ ਲੋਕਤੰਤਰ 'ਚ ਲੋਕਾਂ ਦਾ ਵਿਸ਼ਵਾਸ ਫਿਰ ਤੋਂ ਬਹਾਲ ਕਰਾਂਗਾ ਅਤੇ ਅਸੀਂ ਸੰਸਦ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਾਂਗੇ ਅਤੇ ਬਿਨਾਂ ਕਿਸੇ 'ਕਿੰਤੂ-ਪ੍ਰੰਤ'+ ਦੇ 31 ਅਕਤੂਬਰ ਨੂੰ ਯੂਰੋਪੀਅਨ ਸੰਘ ਤੋਂ ਬਾਹਰ ਨਿਕਲ ਜਾਵਾਂਗੇ।'