ਉਜੈਨ ''ਚ ਡਬਲ ਮਰਡਰ ਨਾਲ ਦਹਿਸ਼ਤ, ਲੁੱਟ ਤੋਂ ਬਾਅਦ ਭਾਜਪਾ ਨੇਤਾ ਅਤੇ ਪਤਨੀ ਦਾ ਕਤਲ

Sunday, Jan 28, 2024 - 01:06 PM (IST)

ਉਜੈਨ ''ਚ ਡਬਲ ਮਰਡਰ ਨਾਲ ਦਹਿਸ਼ਤ, ਲੁੱਟ ਤੋਂ ਬਾਅਦ ਭਾਜਪਾ ਨੇਤਾ ਅਤੇ ਪਤਨੀ ਦਾ ਕਤਲ

ਉਜੈਨ (ਮ. ਪ੍ਰ.), (ਭਾਸ਼ਾ)- ਮੱਧ ਪ੍ਰਦੇਸ਼ ਦੇ ਉਜੈਨ ਜ਼ਿਲੇ ’ਚ ਸ਼ੱਕੀ ਲੁਟੇਰਿਆਂ ਨੇ ਸਥਾਨਕ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਉਸ ਦੀ ਪਤਨੀ ਦਾ ਉਨ੍ਹਾਂ ਦੇ ਘਰ ਵਿਚ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਸ਼ਨੀਵਾਰ ਸਵੇਰੇ ਮਿਲੀ। ਇਸ ਵਿਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਬਣਾਈ ਜਾਵੇਗੀ।

ਵਧੀਕ ਪੁਲਸ ਸੁਪਰਡੈਂਟ (ਏ. ਐੱਸ. ਪੀ.) ਗੁਰੂ ਪ੍ਰਸਾਦ ਪਰਾਸ਼ਰ ਨੇ ਕਿਹਾ ਕਿ ਉਜੈਨ ਜ਼ਿਲੇ ਦੇ ਦੇਵਾਸ ਰੋਡ ’ਤੇ ਪਿਪਲੋਦਾ ਪਿੰਡ ਵਿਚ ਸਾਬਕਾ ਸਰਪੰਚ ਰਾਮਨਿਵਾਸ ਕੁਮਾਵਤ ਅਤੇ ਉਨ੍ਹਾਂ ਦੀ ਪਤਨੀ ਮੁੰਨੀਬਾਈ ਦੀ ਉਨ੍ਹਾਂ ਦੇ ਘਰ ਵਿਚ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਾਇਦ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਕੋਸ਼ਿਸ਼ ਦੌਰਾਨ ਵਾਰਦਾਤ ਨੂੰ ਅੰਜਾਮ ਦਿੱਤਾ।

ਕਾਂਗਰਸੀ ਆਗੂ ਪਚੌਰੀ ਦੇ ਘਰ ’ਤੇ ਫਾਇਰਿੰਗ

ਮੱਧ ਪ੍ਰਦੇਸ਼ ਦੇ ਮੁਰੈਨਾ ’ਚ ਕਾਂਗਰਸੀ ਆਗੂ ਦੇ ਘਰ ਅਣਪਛਾਤੇ ਬਦਮਾਸ਼ਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਦੇਰ ਰਾਤ ਸੀਨੀਅਰ ਕਾਂਗਰਸੀ ਨੇਤਾ ਸੋਨੇਰਾਮ ਪਚੌਰੀ ਦੇ ਘਰ ’ਤੇ ਗੋਲੀਬਾਰੀ ਕੀਤੀ ਗਈ। ਇਕ ਗੋਲੀ ਉਸ ਦੇ ਕਮਰੇ ਦੇ ਦਰਵਾਜ਼ੇ ’ਚ ਵੜ ਕੇ ਕੰਧ ’ਚ ਜਾ ਵੜੀ, ਜਦਕਿ ਦੂਸਰੀ ਗੋਲੀ ਉਸ ਦੇ ਦਰਵਾਜ਼ੇ ’ਚ ਲੱਗੀ ਅਤੇ ਬਾਹਰ ਹੀ ਰਹਿ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


author

Rakesh

Content Editor

Related News