ਤਾਮਿਲਨਾਡੂ ਦੇ ਮੰਤਰੀ ਮੰਡਲ 'ਚ ਵੱਡਾ ਫੇਰਬਦਲ, ਉਦੈਨਿਧੀ ਸਟਾਲਿਨ ਬਣੇ ਡਿਪਟੀ CM

Saturday, Sep 28, 2024 - 10:47 PM (IST)

ਤਾਮਿਲਨਾਡੂ ਦੇ ਮੰਤਰੀ ਮੰਡਲ 'ਚ ਵੱਡਾ ਫੇਰਬਦਲ, ਉਦੈਨਿਧੀ ਸਟਾਲਿਨ ਬਣੇ ਡਿਪਟੀ CM

ਨੈਸ਼ਨਲ ਡੈਸਕ- ਸਰਕਾਰ ਨੇ ਸੂਬੇ ਦੇ ਰਾਜਪਾਲ ਨੂੰ ਯੁਵਕ ਭਲਾਈ ਅਤੇ ਖੇਡ ਵਿਕਾਸ ਮੰਤਰੀ ਉਦੈਨਿਧੀ ਸਟਾਲਿਨ ਨੂੰ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮੌਜੂਦਾ ਵਿਭਾਗਾਂ ਤੋਂ ਇਲਾਵਾ ਯੋਜਨਾ ਅਤੇ ਵਿਕਾਸ ਵਿਭਾਗ ਦੀ ਅਲਾਟਮੈਂਟ ਕਰਨ ਦੀ ਸਿਫਾਰਸ਼ ਕੀਤੀ ਹੈ। ਰਾਜਪਾਲ ਨੇ ਇਨ੍ਹਾਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਉਦੈਨਿਧੀ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੇ ਪੁੱਤਰ ਹਨ।

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਮੰਤਰੀ ਮੰਡਲ ਵਿੱਚ ਵੀ. ਸੇਂਥਿਲ ਬਾਲਾਜੀ, ਡਾ. ਗੋਵੀ ਅਤੇ ਆਰ. ਰਾਜੇਂਦਰਨ, ਤਿਰੂ ਐੱਸ.ਐੱਮ. ਨਾਸਰ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਉਦੈਨਿਧੀ ਨੂੰ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕਰਨ ਦੀ ਸਿਫਾਰਸ਼ ਕੀਤੀ ਹੈ। ਨਵੇਂ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਐਤਵਾਰ ਨੂੰ ਬਾਅਦ ਦੁਪਹਿਰ 3.30 ਵਜੇ ਚੇਨਈ ਦੇ ਰਾਜ ਭਵਨ ਵਿੱਚ ਹੋਵੇਗਾ। ਨਾਲ ਹੀ ਤਾਮਿਲਨਾਡੂ ਸਰਕਾਰ ਨੇ ਸੇਂਥਿਲ ਬਾਲਾਜੀ, ਜਿਸ ਨੂੰ ਹਾਲ ਹੀ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ, ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।

ਸੀ.ਐੱਮ. ਨੇ ਕੀਤੀ ਇਨ੍ਹਾਂ ਮੰਤਰੀਆਂ ਨੂੰ ਹਟਾਉਣ ਦੀ ਸ਼ਿਫਾਰਿਸ਼

ਇਸ ਤੋਂ ਇਲਾਵਾ ਸਟਾਲਿਨ ਨੇ ਦੁੱਧ ਅਤੇ ਡੇਅਰੀ ਵਿਕਾਸ ਮੰਤਰੀ ਟੀ. ਮਨੋ ਥੰਗਾਰਾਜ, ਘੱਟ ਗਿਣਤੀ ਭਲਾਈ ਅਤੇ ਗੈਰ-ਨਿਵਾਸੀ ਤਮਿਲ ਭਲਾਈ ਮੰਤਰੀ ਕੇ. ਐੱਸ. ਮਸਤਾਨ ਅਤੇ ਸੈਰ ਸਪਾਟਾ ਮੰਤਰੀ ਕੇ. ਰਾਮਚੰਦਰਨ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਰਾਜਪਾਲ ਨੇ ਵੀ ਮੁੱਖ ਮੰਤਰੀ ਦੀ ਇਸ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਤਾਮਿਲਨਾਡੂ ਦੇ ਸੀ.ਐੱਮ ਸਟਾਲਿਨ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਸੀ ਕਿ ਉਧਯਨਿਧੀ ਸਟਾਲਿਨ ਨੂੰ ਰਾਜ ਦਾ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਅਤੇ ਮੰਤਰੀ ਮੰਡਲ ਵਿੱਚ ਫੇਰਬਦਲ ਵੀ ਸੰਭਵ ਹੈ।


author

Rakesh

Content Editor

Related News