ਊਧਵ ਬੋਲੇ- ਨਹੀਂ ਲੱਗੇਗੀ ਤਾਲਾਬੰਦੀ ਪਰ ਮਾਸਕ ਪਹਿਨਣਾ ਬੇਹੱਦ ਜ਼ਰੂਰੀ

Sunday, Dec 20, 2020 - 06:46 PM (IST)

ਊਧਵ ਬੋਲੇ- ਨਹੀਂ ਲੱਗੇਗੀ ਤਾਲਾਬੰਦੀ ਪਰ ਮਾਸਕ ਪਹਿਨਣਾ ਬੇਹੱਦ ਜ਼ਰੂਰੀ

ਮੁੰਬਈ— ਤਮਾਮ ਅਟਕਲਾਂ ਅਤੇ ਕਿਆਸਾਂ ਦਰਮਿਆਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਸਾਫ਼ ਕਰ ਦਿੱਤਾ ਕਿ ਫ਼ਿਲਹਾਲ ਸੂਬੇ ’ਚ ਤਾਲਾਬੰਦੀ ਜਾਂ ਨਾਈਟ ਕਰਫਿਊ ਨਹੀਂ ਲੱਗੇਗਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਭ ਕੁਝ ਜਨਤਾ ’ਤੇ ਨਿਰਭਰ ਕਰਦਾ ਹੈ, ਜੇਕਰ ਸਾਵਧਾਨੀ ਵਰਤੀ ਜਾਵੇਗੀ ਤਾਂ ਤਾਲਾਬੰਦੀ ਦੀ ਮੁੜ ਨੌਬਤ ਹੀ ਨਹੀਂ ਆਵੇਗੀ।

ਊਧਵ ਠਾਕਰੇ ਨੇ ਕਿਹਾ ਕਿ ਅਜੇ ਖ਼ਤਰਾ ਟਲਿਆ ਨਹੀਂ ਹੈ, ਇਸ ਲਈ ਸਾਨੂੰ ਆਉਣ ਵਾਲੇ 6 ਮਹੀਨੇ ਕਾਫੀ ਚੌਕਸ ਰਹਿਣ ਦੀ ਲੋੜ ਹੈ। ਸਾਨੂੰ ਮਾਸਕ ਪਹਿਨਣ ਕੇ ਰੱਖਣਾ ਹੋਵੇਗਾ। ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨ ਕੇ ਹੀ ਆਪਣਾ ਬਚਾਅ ਕਰਨਾ ਹੋਵੇਗਾ। ਕੋਰੋਨਾ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਫਿਰ ਤੋਂ ਤਾਲਾਬੰਦੀ ਲਾਉਣ ਤੋਂ ਬਚ ਸਕਦੇ ਹਾਂ। ਠਾਕਰੇ ਨੇ ਅੱਗੇ ਕਿਹਾ ਕਿ ਕੋਰੋਨਾ ਸਬੰਧੀ ਮਾਹਰਾਂ ਨੇ ਕਿਹਾ ਕਿ ਸੂਬੇ ਵਿਚ ਮੁੜ ਤੋਂ ਤਾਲਾਬੰਦੀ ਲੱਗਾ ਦੇਣੀ ਚਾਹੀਦੀ ਜਾਂ ਨਾਈਟ ਕਰਫਿਊ ਲਾਗੂ ਕਰ ਦੇਣਾ ਚਾਹੀਦਾ ਹੈ ਪਰ ਸਾਡੀ ਸਰਕਾਰ ਅਜੇ ਅਜਿਹਾ ਨਹੀਂ ਚਾਹੁੰਦੀ ਹੈ। ਠਾਕਰੇ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਨਵੇਂ ਸਾਲ ਦੇ ਜਸ਼ਨ ਦੇ ਸਮੇਂ ਕੋਰੋਨਾ ਨਾਲ ਜੁੜੀਆਂ ਸਾਵਧਾਨੀਆਂ ਵਰਤੀਆਂ ਜਾਣ। 

ਠਾਕਰੇ ਨੇ ਕਿਹਾ ਕਿ ਅਗਲੇ 6 ਮਹੀਨੇ ਤੱਕ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਇਕ ਆਦਤ ਬਣਾ ਲੈਣੀ ਚਾਹੀਦੀ ਹੈ। ਜੋ ਲੋਕ ਸੁਰੱਖਿਆ ਨਾਲ ਜੁੜੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਸਮਝੌਤਾ ਕਰ ਰਹੇ ਹਨ, ਜੋ ਕਿ ਨਿਯਮਾਂ ਦਾ ਪਾਲਣ ਕਰ ਰਹੇ ਹਨ। ਦੱਸ ਦੇਈਏ ਕਿ ਸੂਬੇ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 18,92,707 ਪਹੁੰਚ ਚੁੱਕੀ ਹੈ। ਸ਼ਨੀਵਾਰ ਨੂੰ ਹੋਈਆਂ 74 ਮੌਤਾਂ ਨਾਲ ਸੂਬੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 48,648 ਤੱਕ ਪਹੁੰਚ ਗਈ ਹੈ।


author

Tanu

Content Editor

Related News