ਸੀ. ਐਮ. ਬਣਦਿਆਂ ਹੀ ਉਧਵ ਠਾਕਰੇ ਨੇ ਪਲਟਿਆ ਫੜਨਵੀਸ ਦਾ ਫੈਸਲਾ

Friday, Nov 29, 2019 - 08:12 PM (IST)

ਸੀ. ਐਮ. ਬਣਦਿਆਂ ਹੀ ਉਧਵ ਠਾਕਰੇ ਨੇ ਪਲਟਿਆ ਫੜਨਵੀਸ ਦਾ ਫੈਸਲਾ

ਮੁੰਬਈ — ਮਹਾਰਾਸ਼ਟਰ ਵਿਚ ਵੀਰਵਾਰ ਨੂੰ ਸਹੁੰ ਚੁੱਕਣ ਵਾਲੀ ਊਧਵ ਸਰਕਾਰ ਨੇ ਫੜਨਵੀਸ ਸਰਕਾਰ ਦਾ ਫੈਸਲਾ ਪਲਟਦੇ ਹੋਏ ਆਰੇ ਕਾਲੋਨੀ ਵਿਚ ਬਣਨ ਵਾਲੀ ਮੈਟਰੋ ਕਾਰ ਸ਼ੈੱਡ ਦੇ ਪ੍ਰਾਜੈਕਟ ’ਤੇ ਰੋਕ ਲਾ ਦਿੱਤੀ ਹੈ। ਤਮਾਮ ਚੌਗਿਰਦਾ ਪ੍ਰੇਮੀਆਂ ਦੇ ਵਿਰੋਧ ਅਤੇ ਅਦਾਲਤ ਵਿਚ ਚੁਣੌਤੀ ਮਿਲਣ ਤੋਂ ਬਾਅਦ ਊਧਵ ਸਰਕਾਰ ਨੇ ਹੁਕਮ ਦਿੱਤਾ ਕਿ ਅਗਲੇ ਹੁਕਮਾਂ ਤੱਕ ਆਰੇ ਕਾਲੋਨੀ ਵਿਚ ਕੋਈ ਵੀ ਦਰੱਖਤ ਨਾ ਕੱਟਿਆ ਜਾਏ।

ਸਰਕਾਰ ਦੀ ਬੈਠਕ ਤੋਂ ਬਾਅਦ ਊਧਵ ਨੇ ਕਿਹਾ ਕਿ ਮੈਂ ਪਹਿਲੀ ਵਾਰ ਸੂਬਾਈ ਸਕੱਤਰੇਤ ਵਿਚ ਪਹੁੰਚਿਆ ਹਾਂ। ਮੈਂ ਇਥੇ ਸਾਰੇ ਸਕੱਤਰਾਂ ਨਾਲ ਬੈਠਕ ਕੀਤੀ ਅਤੇ ਸਭ ਨਾਲ ਜਾਣ-ਪਛਾਣ ਕੀਤੀ। ਸਭ ਨੂੰ ਕਿਹਾ ਹੈ ਕਿ ਉਹ ਵੋਟਰਾਂ ਦੇ ਪੈਸੇ ਦੀ ਸਭ ਤੋਂ ਵਧੀਆ ਢੰਗ ਨਾਲ ਵਰਤੋਂ ਕਰਨ ਅਤੇ ਕਿਸੇ ਵੀ ਕੀਮਤ ’ਤੇ ਇਸ ਦੀ ਦੁਰਵਰਤੋਂ ਨਾ ਕੀਤੀ ਜਾਏ।

ਦੱਸ ਦੇਈਏ ਕਿ ਆਰੇ ਕਾਲੋਨੀ ਦਰੱਖਤਾਂ ਦੀ ਕਟਾਈ ਨੂੰ ਰੋਕਣ ਵਾਲੇ ਇਕ ਹੁਕਮ ਦੀ ਮਿਆਦ ਨੂੰ ਹਾਲ ਹੀ ਵਿਚ ਸੁਪਰੀਮ ਕੋਰਟ ਨੇ ਵਧਾ ਦਿੱਤਾ ਸੀ। 16 ਨਵੰਬਰ ਨੂੰ ਆਪਣੀ ਇਕ ਸੁਣਵਾਈ ਵਿਚ ਕੋਰਟ ਦੇ 2 ਮੈਂਬਰੀ ਡਵੀਜ਼ਨ ਬੈਂਚ ਨੇ ਫੈਸਲੇ ਦੀ ਮਿਆਦ ਨੂੰ ਵਧਾਉਂਦੇ ਹੋਏ ਅਗਲੇ ਮਹੀਨੇ ਫਿਰ ਸੁਣਵਾਈ ਕਰਨ ਦੀ ਗੱਲ ਕਹੀ ਸੀ।

ਭਾਜਪਾ ਨੇ ਵਿੰਨ੍ਹਿਆ ਨਿਸ਼ਾਨਾ : ਉਧਰ ਊਧਵ ਠਾਕਰੇ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਹੀ ਭਾਜਪਾ ਨੇ ਹਮਲੇ ਸ਼ੁਰੂ ਕਰ ਦਿੱਤੇ ਹਨ। ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮੰਤਰੀ ਮੰਡਲ ਦੀ ਪਹਿਲੀ ਬੈਠਕ ਵਿਚ ਉਸ ਨੇ ਕਿਸਾਨਾਂ ਨੂੰ ਰਾਹਤ ਦੇਣ ’ਤੇ ਚਰਚਾ ਕਰਨ ਦੀ ਬਜਾਏ ਬਹੁਮਤ ਸਾਬਿਤ ਕਰਨ ’ਤੇ ਚਰਚਾ ਕਰਨਾ ਜ਼ਰੂਰੀ ਸਮਝਿਆ। ਉਨ੍ਹਾਂ ਕਿਹਾ ਕਿ ਜੇਕਰ ਬਹੁਮਤ ਨਹੀਂ ਸੀ ਤਾਂ ਦਾਅਵਾ ਕਿਉਂ ਕੀਤਾ? ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਜਨਤਾ ਚਾਹੁੰਦੀ ਹੈ ਕਿ ਜੇਕਰ ਉਨ੍ਹਾਂ ਦੇ ਕੋਲ ਉਚਿਤ ਅੰਕੜੇ ਹਨ ਤਾਂ ਉਨ੍ਹਾਂ ਨੇ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਵਿਧਾਨ ਸਭਾ ਦੇ ਕਾਰਜਕਾਰੀ ਸਪੀਕਰ ਨੂੰ ਬਦਲਣ ਦੀ ਕੋਸ਼ਿਸ਼ ਕਿਉਂ ਕੀਤੀ? ਖੁਦ ਦੇ ਵਿਧਾਇਕਾਂ ’ਤੇ ਇੰਨੀ ਬੇਭਰੋਸਗੀ ਕਿਉਂ?


author

Inder Prajapati

Content Editor

Related News