ਗੁਜਰਾਤ: ਪਰਿਵਾਰ ਨਾਲ ਸੁੱਤੇ ਹੋਏ 2 ਸਾਲ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ ਆਦਮਖੋਰ ਤੇਂਦੁਆ, 1 ਹਫ਼ਤੇ ''ਚ ਤੀਜਾ ਮਾਮਲਾ

05/14/2023 4:19:15 PM

ਅਮਰੇਲੀ, (ਗੁਜਰਾਤ)- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ 'ਚ ਇਕ ਤੇਂਦੁਏ ਨੇ ਦੋ ਸਾਲ ਦੇ ਇਕ ਬੱਚੇ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸਦੀ ਮੌਤ ਹੋ ਗਈ। ਇਕ ਜੰਗਲਾਤ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੇਲੀ 'ਚ ਇਕ ਹਫਤੇ 'ਚ ਜੰਗਲੀ ਜਾਨਵਰਾਂ ਦੇ ਬੱਚਿਆਂ 'ਤੇ ਹਮਲਾ ਕਨਰ ਦੀ ਇਹ ਤੀਜੀ ਘਟਨਾ ਹੈ। ਤਾਜਾ ਘਟਨਾ ਸ਼ਨੀਵਾਰ ਦੇਰ ਰਾਤ ਨੂੰ ਹੋਈ, ਜਦੋਂ ਬੱਚਾ ਰਾਜੁਲਾ ਰੇਂਜ ਜੰਗਲ ਤਹਿਤ ਆਉਣ ਵਾਲੇ ਕਟਾਰ ਪਿੰਡ 'ਚ ਇਕ ਝੋਂਪੜੀ 'ਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਸੌਂ ਰਿਹਾ ਸੀ। 

ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਤੇਂਦੁਏ ਨੇ ਬੱਚੇ ਨੂੰ ਉਸਦੀ ਧੋਣ ਤੋਂ ਫੜ੍ਹ ਲਿਆ  ਅਤੇ ਉਸਨੂੰ ਘੜੀਸਦਾ ਹੋਇਆ ਨਜ਼ਦੀਕੀ ਝਾੜੀਆਂ 'ਚ ਲੈ ਗਿਆ। ਜਦੋਂ ਬੱਚੇ ਦੇ ਪਰਿਵਾਰ ਵਾਲਿਆਂ ਨੇ ਰੋਲਾ ਪਾਇਆ ਤਾਂ ਤੇਂਦੁਆ ਬੱਚੇ ਨੂੰ ਛੱਡ ਕੇ ਦੌੜ ਗਿਆ। ਉਨ੍ਹਾਂ ਦੱਸਿਆ ਕਿ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਨਜ਼ਦੀਕੀ ਮਹੁਵਾ ਸ਼ਹਿਰ 'ਚ ਇਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। 

ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਵਿਭਾਗ ਨੇ ਆਦਮਖੋਰ ਤੇਂਦੁਏ ਨੂੰ ਫੜ੍ਹਣ ਲਈ ਇਲਾਕੇ 'ਚ ਪਿੰਜਰੇ ਲਗਾਏ ਹਨ। ਪਿਛਲੇ ਸੋਮਵਾਰ ਨੂੰ ਜ਼ਿਲ੍ਹੇ ਦੀ ਸਾਵਰਕੁੰਦਲਾ ਤਾਲੁਕ ਦੇ ਕਰਜਾਲਾ ਪਿੰਡ 'ਚ ਤੇਂਦੁਏ ਦੇ ਹਮਲੇ 'ਚ ਇਕ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਮੰਗਲਵਾਰ ਨੂੰ ਇਕ ਸ਼ੇਰਨੀ ਨੇ 5 ਮਹੀਨੇ ਦੇ ਬੱਚੇ ਨੂੰ ਉਸ ਸਮੇਂ ਮਾਰ ਦਿੱਤਾ ਸੀ ਜਦੋਂ ਉਹ ਅਮਰੇਲੀ ਦੀ ਲਿਲੀਆ ਤਾਲੁਕ ਦੇ ਖਾਰਾ ਪਿੰਡ ਦੇ ਨੇੜੇ ਖੁੱਲ੍ਹੇ 'ਚ ਆਪਣੇ ਪਰਿਵਾਰ ਦੇ ਨਾਲ ਸੌਂ ਰਿਹਾ ਸੀ।


Rakesh

Content Editor

Related News