ਜੰਮੂ-ਕਸ਼ਮੀਰ ’ਚ ਫੌਜ ਦੀ ਅਗਨੀਵੀਰ ਰੈਲੀ ਨੂੰ ਨਿਸ਼ਾਨਾ ਬਣਾਉਣ ਆਏ 2 ਅੱਤਵਾਦੀ ਮੁਕਾਬਲੇ ’ਚ ਢੇਰ

Saturday, Oct 01, 2022 - 01:41 PM (IST)

ਜੰਮੂ-ਕਸ਼ਮੀਰ ’ਚ ਫੌਜ ਦੀ ਅਗਨੀਵੀਰ ਰੈਲੀ ਨੂੰ ਨਿਸ਼ਾਨਾ ਬਣਾਉਣ ਆਏ 2 ਅੱਤਵਾਦੀ ਮੁਕਾਬਲੇ ’ਚ ਢੇਰ

ਸ਼੍ਰੀਨਗਰ (ਭਾਸ਼ਾ)– ਫੌਜ ਦੀ ਅਗਨੀਵੀਰ ਭਰਤੀ ਰੈਲੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰੱਚ ਰਹੇ ਜੈਸ਼-ਏ-ਮੁਹੰਮਦ ਦੇ 2 ਸਥਾਨਕ ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਵਿਚ ਹੋਏ ਇਕ ਮੁਕਾਬਲੇ ਵਿਚ ਢੇਰ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਬਾਰਾਮੂਲਾ ਦੇ ਸੀਨੀਅਰ ਪੁਲਸ ਸੁਪਰਡੈਂਟ ਰਈਸ ਭੱਟ ਨੇ ਪੱਤਰਕਾਰਾਂ ਨੂੰ ਕਿਹਾ ਕਿ ਖੁਫੀਆ ਏਜੰਸੀਆਂ ਤੋਂ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਸ਼ੁੱਕਰਵਾਰ ਸਵੇਰੇ ਪੱਟਨ ਦੇ ਯੇਦੀਪੋਰਾ ਇਲਾਕੇ ਵਿਚ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਚਲਾਈ। ਐੱਸ. ਐੱਸ. ਪੀ. ਨੇ ਕਿਹਾ ਕਿ ਤਲਾਸ਼ੀ ਦੌਰਾਨ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੁਕਾਬਲਾ ਸ਼ੁਰੂ ਹੋ ਗਿਆ।

ਮੁਹਿੰਮ ਲੰਬੀ ਚੱਲੀ ਅਤੇ ਸਵੇਰ ਤੱਕ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਭੱਟ ਨੇ ਕਿਹਾ ਕਿ ਅੱਤਵਾਦੀ ਫੌਜ ਦੀ ਅਗਨੀਵੀਰ ਭਰਤੀ ਰੈਲੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰੱਚ ਰਹੇ ਸਨ, ਜਿਸ ਦੀ ਵੀਰਵਾਰ ਨੂੰ ਪੱਟਨ ਦੇ ਹੈਦਰਬੇਗ ਵਿਚ ਸਮਾਪਤੀ ਹੋਈ। ਉਨ੍ਹਾਂ ਕਿਹਾ ਕਿ ਸੁਰੱਖਿਆ ਫੋਰਸਾਂ ਨੇ ਮੁਕਾਬਲੇ ਵਾਲੀ ਜਗ੍ਹਾ ਤੋਂ ਇਕ ਏ. ਕੇ. ਐੱਸ.-74ਯੂ ਰਾਈਫਲ, 3 ਮੈਗਜ਼ੀਨ, ਇਕ ਪਿਸਤੌਲ, ਪਿਸਤੌਲ ਦੀ ਇਕ ਮੈਗਜ਼ੀਨ ਅਤੇ 2 ਗੋਲੀਆਂ ਬਰਾਮਦ ਕੀਤੀਆਂ ਹਨ। ਭੱਟ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਲਾਂਕਿ ਕਸ਼ਮੀਰ ਦੇ ਐਡੀਸ਼ਨਲ ਜਨਰਲ ਡਾਇਰੈਕਟਰ (ਏ. ਡੀ. ਜੀ. ਪੀ.) ਵਿਜੇ ਕੁਮਾਰ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਸਨ।

ਬਾਂਦੀਪੋਰਾ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ
ਇਕ ਹੋਰ ਮੁਹਿੰਮ ’ਚ ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਦੀ 109 ਬ੍ਰਿਗੇਡ ਨੇ ਕੰਟ੍ਰੋਲ ਲਾਈਨ ਦੇ ਨੇੜੇ ਬਾਂਦੀਪੋਰਾ ਦੇ ਨੌਸ਼ਹਿਰਾ ਨਰਡ ’ਚ ਇਕ ਨਾਲੇ ਕੋਲੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ। ਬਰਾਮਦ ਹਥਿਆਰਾਂ ’ਚ 7 ਏ. ਕੇ. 47 ਰਾਈਫਲਾਂ, 2 ਚੀਨ ਦੀਆਂ ਬਣੀਆਂ ਪਿਸਤੌਲਾਂ, 21 ਏ. ਕੇ. ਮੈਗਜ਼ੀਨ, 1190 ਰਾਊਂਡ, 132 ਪਿਸਤੌਲ ਰਾਊਂਡ, 13 ਚੀਨ ਦੇ ਬਣੇ ਗ੍ਰੇਨੇਡ ਅਤੇ ਇਤਰਾਜ਼ਯੋਗ ਸਮੱਗਰੀ ਸ਼ਾਮਲ ਹੈ। ਸ਼ੱਕ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਡ੍ਰੋਨ ਰਾਹੀਂ ਡੇਗਿਆ ਗਿਆ ਹੈ।


author

Rakesh

Content Editor

Related News