ਜੰਮੂ ਕਸ਼ਮੀਰ : ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 2 ਹਿਜ਼ਬੁਲ ਅੱਤਵਾਦੀ ਢੇਰ
Tuesday, Sep 06, 2022 - 05:09 PM (IST)

ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਮੰਗਲਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਹੋਏ ਮੁਕਾਬਲੇ 'ਚ ਹਿਜ਼ਬੁਲ ਮੁਜਾਹਿਦੀਨ ਦੇ 2 ਅੱਤਵਾਦੀ ਮਾਰੇ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਨੰਤਨਾਗ ਦੇ ਪੋਸ਼ਕ੍ਰੀਰੀ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਮੁਤਾਬਕ ਤਲਾਸ਼ੀ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ 'ਤੇ ਗੋਲੀਬਾਰੀ ਕੀਤੀ, ਜਿਸ 'ਤੇ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੋਹਾਂ ਪੱਖਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।
ਅਧਿਕਾਰੀ ਮੁਤਾਬਕ, ਇਸ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਦੋਵੇਂ ਅੱਤਵਾਦੀਆਂ ਦਾ ਸਬੰਧ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸੀ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਕਸ਼ਮੀਰ ਖੇਤਰ) ਵਿਜੇ ਕੁਮਾਰ ਨੇ ਟਵੀਟ ਕੀਤਾ,“(ਸੁਰੱਖਿਆ ਫ਼ੋਰਸਾਂ) ਨੇ ਦਾਨਿਸ਼ ਭੱਟ ਅਤੇ ਬਸ਼ਾਰਤ ਨਬੀ ਨੂੰ ਮਾਰ ਦਿੱਤਾ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਸਨ। ਦੋਵੇਂ 9 ਅਪ੍ਰੈਲ, 2021 ਨੂੰ ਟੈਰੀਟੋਰੀਅਲ ਆਰਮੀ ਸਿਪਾਹੀ ਸਲੀਮ ਅਤੇ 29 ਮਈ, 2021 ਨੂੰ ਜਬਲੀਪੋਰਾ ਵਿਚ ਦੋ ਨਾਗਰਿਕਾਂ ਦੇ ਕਤਲ 'ਚ ਸ਼ਾਮਲ ਸਨ।''