ਔਰਤ ਦੀ ਅੰਤਿਮ ਯਾਤਰਾ ’ਚ ਨਾਲ ਚੱਲੇ 2 ਪਾਲਤੂ ਹਾਥੀ, 12 ਪਿੰਡਾਂ ਤੋਂ ਪਹੁੰਚੇ 1500 ਲੋਕ

Friday, Oct 09, 2026 - 03:42 AM (IST)

ਔਰਤ ਦੀ ਅੰਤਿਮ ਯਾਤਰਾ ’ਚ ਨਾਲ ਚੱਲੇ 2 ਪਾਲਤੂ ਹਾਥੀ, 12 ਪਿੰਡਾਂ ਤੋਂ ਪਹੁੰਚੇ 1500 ਲੋਕ

ਸੰਭਲ - ਸੰਭਲ ਦੇ ਰਜਪੁਰਾ ਖੇਤਰ ਵਿਚ ਬੁੱਧਵਾਰ ਨੂੰ 74 ਸਾਲਾ ਰਾਮਬੇਟੀ ਦੇਵੀ ਦੀ ਅੰਤਿਮ ਯਾਤਰਾ ਅਨੋਖੀ ਰਹੀ। ਮਾਂ ਨਾਲ ਡੂੰਘਾ ਲਗਾਅ ਰੱਖਣ ਵਾਲੇ ਉਨ੍ਹਾਂ ਦੇ 2 ਪਾਲਤੂ ਹਾਥੀ ਪਰਮਾ ਅਤੇ ਮੋਹਨ ਵੀ ਅਰਥੀ ਦੇ ਪਿੱਛੇ ਅੰਤਿਮ ਯਾਤਰਾ ਵਿਚ ਸ਼ਾਮਲ ਹੋਏ। ਲੱਗਭਗ 15 ਕਿਲੋਮੀਟਰ ਲੰਬੀ ਯਾਤਰਾ ਵਿਚ 12 ਪਿੰਡਾਂ ਤੋਂ ਲੱਗਭਗ 1500 ਲੋਕ ਪਹੁੰਚੇ। ਅੱਗੇ ਹਾਥੀ ਅਤੇ ਪਿੱਛੇ ਸੈਂਕੜੇ ਟਰੈਕਟਰਾਂ ਦਾ ਕਾਫ਼ਲਾ ਚੱਲ ਰਿਹਾ ਸੀ। ਨਾਲ ਹੀ ਭਗਵਾਨ ਸ਼ਿਵ ਅਤੇ ਸ਼੍ਰੀ ਕ੍ਰਿਸ਼ਨ ਦੀ ਝਾਕੀ ਵੀ ਕੱਢੀ ਗਈ। ਬਿਓਰਾ ਪਿੰਡ ਦੀ ਰਹਿਣ ਵਾਲੀ ਰਾਮਬੇਟੀ ਦੇਵੀ ਦੀ ਬੁੱਧਵਾਰ ਤੜਕੇ ਮੌਤ ਹੋ ਗਈ ਸੀ। 3 ਦਿਨ ਪਹਿਲਾਂ ਤਬੀਅਤ ਵਿਗੜਨ ’ਤੇ ਉਨ੍ਹਾਂ ਨੂੰ ਅਲੀਗੜ੍ਹ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੋਵਾਂ ਪੁੱਤਰਾਂ ਮਨਵੀਰ ਅਤੇ ਚਰਨ ਸਿੰਘ ਨੇ ਮਾਂ ਨੂੰ ਵਿਸ਼ੇਸ਼ ਸਤਿਕਾਰ ਨਾਲ ਅੰਤਿਮ ਵਿਦਾਈ ਦੇਣ ਦਾ ਫ਼ੈਸਲਾ ਕੀਤਾ।

ਮਨਵੀਰ ਨੇ ਦੱਸਿਆ ਕਿ ਪਰਿਵਾਰ 200 ਸਾਲ ਤੋਂ ਵੀ ਵੱਧ ਸਮੇਂ ਤੋਂ ਹਾਥੀ ਪਾਲਦਾ ਆ ਰਿਹਾ ਹੈ। ਸਾਲ 2012 ਵਿਚ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਾਂ ਹੀ ਦੋਵਾਂ ਹਾਥੀਆਂ ਦੀ ਦੇਖਭਾਲ ਕਰਦੀ ਸੀ। ਪਰਿਵਾਰ ਦੇ ਮੁਤਾਬਕ, ਮਾਂ ਦੀ ਮੌਤ ਤੋਂ ਬਾਅਦ ਤੋਂ ਦੋਵੇਂ ਹਾਥੀ ਗੁੰਮਸੁੰਮ ਹਨ ਅਤੇ ਉਨ੍ਹਾਂ ਨੇ ਖਾਣਾ-ਪੀਣਾ ਵੀ ਘੱਟ ਕਰ ਦਿੱਤਾ ਹੈ। ਅੰਤਿਮ ਯਾਤਰਾ ਬਬਰਾਲਾ ਤੋਂ ਹੁੰਦੇ ਹੋਏ ਰਾਜਘਾਟ ਗੰਗਾ ਘਾਟ ਪਹੁੰਚੀ। ਹਾਥੀਆਂ ਅਤੇ ਵਾਹਨਾਂ ਦੇ ਕਾਫ਼ਲੇ ਕਰ ਕੇ ਬਬਰਾਲਾ ਵਿਚ ਕੁਝ ਦੇਰ ਟਰੈਫਿਕ ਜਾਮ ਵੀ ਲੱਗਾ।


author

Inder Prajapati

Content Editor

Related News