ਮਣੀਪੁਰ ’ਚ ਅੱਤਵਾਦੀਆਂ ਨੇ 2 ਵਿਅਕਤੀਆਂ ਦੀ ਕੀਤੀ ਹੱਤਿਆ, CM ਨਿਵਾਸ ਦੇ ਬਾਹਰ ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ

Monday, Oct 19, 2026 - 06:18 PM (IST)

ਮਣੀਪੁਰ ’ਚ ਅੱਤਵਾਦੀਆਂ ਨੇ 2 ਵਿਅਕਤੀਆਂ ਦੀ ਕੀਤੀ ਹੱਤਿਆ, CM ਨਿਵਾਸ ਦੇ ਬਾਹਰ ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ

ਇੰਫਾਲ, (ਏਜੰਸੀ)- ਮਣੀਪੁਰ ਦੇ ਇਕ ਜੰਗਲ ਤੋਂ ਲੱਕੜਾਂ ਇਕੱਠੀਆਂ ਕਰ ਰਹੇ 2 ਵਿਅਕਤੀਆਂ ਦੀ ਸੋਮਵਾਰ ਸ਼ੱਕੀ ਅੱਤਵਾਦੀਆਂ ਨੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਇੱਥੇ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਮਈ 2023 ਤੋਂ ਸੂਬੇ ’ਚ ਹੋ ਰਹੀ ਹਿੰਸਾ ਦਾ ਵਿਰੋਧ ਕਰਦੇ ਹੋਏ ਗੁੱਸੇ ’ਚ ਆਏ ਸਥਾਨਕ ਲੋਕ ਲਾਸ਼ਾਂ ਲੈ ਕੇ ਰਾਜਧਾਨੀ ਪਹੁੰਚੇ। ਉਨ੍ਹਾਂ ਲਾਸ਼ਾਂ ਨੂੰ ਬਾਬੂਪਾਰਾ ’ਚ ਮੁੱਖ ਮੰਤਰੀ ਦੇ ਨਿਵਾਸ ਦੇ ਮੁੱਖ ਗੇਟ ਦੇ ਬਾਹਰ ਰੱਖ ਦਿੱਤਾ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਵਾਈ. ਖੇਮਚੰਦ ਸਿੰਘ ਨਿਵਾਸ ਵਿਖੇ ਮੌਜੂਦ ਸਨ ਜਾਂ ਨਹੀਂ।

ਅਧਿਕਾਰੀਆਂ ਨੇ ਦੱਸਿਆ ਕਿ ਇੰਫਾਲ ਪੂਰਬੀ ਤੇ ਕਾਂਗਪੋਕਪੀ ਜ਼ਿਲਿਆਂ ਦੀ ਹੱਦ ’ਤੇ ਲੱਕੜਾਂ ਇਕੱਠੀਆਂ ਕਰਨ ਵਾਲਿਆਂ ਦੇ ਇਕ ਗਰੁੱਪ ’ਤੇ ਅੱਤਵਾਦੀਆਂ ਨੇ ਕਥਿਤ ਤੌਰ ’ਤੇ ਫਾਇਰਿੰਗ ਕੀਤੀ ਜਿਸ ਕਾਰਨ 4 ਵਿਅਕਤੀ ਜ਼ਖਮੀ ਵੀ ਹੋਏ। ਉਨ੍ਹਾਂ ਕਿਹਾ ਕਿ ਇੰਫਾਲ ਪੂਰਬੀ ਜ਼ਿਲੇ ਦੇ ਨੋਂਗਸ਼ੁਮ ਪਿੰਡ ਤੋਂ ਕੁਝ ਮੀਟਰ ਦੂਰ ਕਾਂਗਪੋਕਪੀ ਦੇ ਖੋਂਗਬਲ ਸੁਨੂਰੋਕ ਉਯੋਕ ’ਚ ਵਾਪਰੀ ਇਸ ਘਟਨਾ ਤੋਂ ਬਾਅਦ 3 ਵਿਅਕਤੀ ਅਜੇ ਵੀ ਲਾਪਤਾ ਹਨ। ਮ੍ਰਿਤਕਾਂ ਦੀ ਪਛਾਣ ਅਰੂਬਮ ਰੋਨਿਲ (35) ਤੇ ਲੈਰੇਨਲਾਕਪਮ ਇਨਾਓਬੀ (51) ਵਜੋਂ ਹੋਈ ਹੈ। ਉਹ ਉਨ੍ਹਾਂ 16 ਵਿਅਕਤੀਆਂ ’ਚ ਸ਼ਾਮਲ ਸਨ ਜੋ ਸਵੇਰੇ 7 ਵਜੇ ਦੇ ਕਰੀਬ ਲੱਕੜਾਂ ਇਕੱਠੀਆਂ ਕਰਨ ਲਈ ਆਪਣੇ ਪਿੰਡ ਦੇ ਨੇੜੇ ਪਹਾੜੀਆਂ ’ਤੇ ਗਏ ਸਨ । ਉਨ੍ਹਾਂ ’ਤੇ ਅਚਾਨਕ ਹੀ ਹਮਲਾ ਕੀਤਾ ਗਿਆ।
 


author

Shubam Kumar

Content Editor

Related News