B.Tech ਦੀ ਵਿਦਿਆਰਥਣ ''ਤੇ ਜਰਮਨ ਸ਼ੈਫਰਡ ਦਾ ਹਮਲਾ, ਪਾਲਤੂ ਕੁੱਤੇ ਨੂੰ ਘੁੰਮਾ ਰਹੀ ਸੀ ਬਾਹਰ
Friday, Oct 23, 2026 - 10:47 AM (IST)
ਫਰੀਦਾਬਾਦ (ਏਜੰਸੀ)- ਹਰਿਆਣਾ ਦੇ ਫਰੀਦਾਬਾਦ 'ਚ ਆਪਣੇ ਪਾਲਤੂ ਕੁੱਤੇ ਨੂੰ ਘੁਮਾ ਰਹੀ ਬੀ.ਟੈਕ ਦੀ ਇਕ ਵਿਦਿਆਰਥਣ 'ਤੇ ਗੁਆਂਢੀ ਦੇ ਜਰਮਨ ਸ਼ੈਫਰਡ ਨੇ ਹਮਲਾ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਗੁਆਂਢੀ ਦਾ ਕੁੱਤਾ ਕਥਿਤ ਤੌਰ 'ਤੇ ਵਿਦਿਆਰਥਣ ਵੱਲ ਦੌੜਿਆ, ਜਿਸ ਤੋਂ ਬਾਅਦ ਉਸ ਨੇ (ਵਿਦਿਆਰਥਣ ਨੇ) ਆਪਣੇ ਪਾਲਤੂ ਕੁੱਤੇ ਨੂੰ ਬਚਾਉਣ ਲਈ ਉਸ ਨੂੰ ਗੋਦ 'ਚ ਚੁੱਕ ਲਿਆ ਪਰ ਜਰਮਨ ਸ਼ੈਫਰਡ ਨੇ ਵਿਦਿਆਰਥਣ ਦੀ ਸੱਜੀ ਬਾਂਹ ਅਤੇ ਕਮਰ 'ਤੇ ਵੱਢ ਲਿਆ।
ਇਹ ਘਟਨਾ 17 ਅਕਤੂਬਰ ਨੂੰ ਸੈਕਟਰ 37 ਦੇ ਅਸ਼ੋਕਾ ਐਨਕਲੇਵ ਪਾਰਟ-2 'ਚ ਵਾਪਰੀ। ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈ ਹੈ। ਇਕ ਨਿੱਜੀ ਕਾਲਜ 'ਚ ਦੂਜੇ ਸਾਲ ਦੀ ਬੀ.ਟੈਕ ਦੀ ਵਿਦਿਆਰਥਣ ਸ੍ਰਿਸ਼ਟੀ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 17 ਅਕਤੂਬਰ ਨੂੰ ਸਵੇਰੇ 7 ਵਜੇ ਦੇ ਕਰੀਬ ਉਹ ਪੋਮੇਰੇਨੀਅਨ ਨਸਲ ਦੇ ਆਪਣੇ ਪਾਲਤੂ ਕੁੱਤੇ ਨੂੰ ਘੁੰਮਾ ਰਹੀ ਸੀ, ਉਦੋਂ ਬਿਨਾਂ ਪੱਟੇ ਦੇ ਘੁੰਮ ਰਿਹਾ ਇਕ ਜਰਮਨ ਸ਼ੈਫਰਡ ਅਚਾਨਕ ਉਸ ਵੱਲ ਦੌੜਿਆ।
ਸ੍ਰਿਸ਼ਟੀ ਨੇ ਕਿਹਾ ਕਿ ਉਸ ਨੇ ਆਪਣੇ ਪਾਲਤੂ ਕੁੱਤੇ ਨੂੰ ਬਚਾਉਣ ਲਈ ਉਸ ਨੂੰ ਗੋਦ 'ਚ ਚੁੱਕ ਲਿਆ ਪਰ ਜਰਮਨ ਸ਼ੈਫਰਡ ਨੇ ਉਸ ਦੀ ਸੱਜੀ ਬਾਂਹ 'ਤੇ ਵੱਢ ਦਿੱਤਾ। ਉਸ ਨੇ ਕਿਹਾ ਕਿ ਉਹ ਖੁਦ ਨੂੰ ਬਚਾਉਣ ਲਈ ਚੀਕੀ ਪਰ ਕੁੱਤੇ ਨੇ ਉਸ ਦੀ ਕਮਰ 'ਤੇ ਵੀ ਵੱਢ ਦਿੱਤਾ। ਸ੍ਰਿਸ਼ਟੀ ਨੇ ਆਪਣੀ ਸ਼ਿਕਾਇਤ 'ਚ ਕਿਹਾ,"ਕੁੱਤੇ ਦਾ ਮਾਲਕ ਥੋੜ੍ਹੀ ਦੇਰ ਬਾਅਦ ਘਟਨਾ ਸਥਾਨ 'ਤੇ ਪਹੁੰਚਿਆ ਅਤੇ ਕੁੱਤੇ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਮੈਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਮੈਨੂੰ ਰੇਬੀਜ਼ ਟੀਕਾਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਹ ਘਟਨਾ ਕੁੱਤੇ ਨੂੰ ਖੁੱਲ੍ਹਾ ਛੱਡਣ ਕਾਰਨ ਵਾਪਰੀ।''
ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਕੁੱਤੇ ਦੇ ਮਾਲਕ ਸਿਕੰਦਰ ਅਤੇ ਸੁਸ਼ਮਾ ਸ਼ਰਮਾ ਵਿਰੁੱਧ ਵੀਰਵਾਰ ਨੂੰ ਸਰਾਏ ਖਵਾਜਾ ਪੁਲਸ ਸਟੇਸ਼ਨ 'ਚ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 291 (ਜਾਨਵਰਾਂ ਦੇ ਸੰਬੰਧ 'ਚ ਲਾਪਰਵਾਹੀ ਵਰਤਣਾ) ਅਤੇ ਧਾਰਾ 125 (ਏ) (ਸੁਰੱਖਿਆ ਨੂੰ ਖਤਰੇ 'ਚ ਪਾਉਣਾ) ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਸਰਾਏ ਖਵਾਜਾ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਰਾਕੇਸ਼ ਕੁਮਾਰ ਨੇ ਕਿਹਾ,"ਇਹ ਧਾਰਾਵਾਂ ਉਨ੍ਹਾਂ ਮਾਮਲਿਆਂ 'ਚ ਕਾਨੂੰਨੀ ਕਾਰਵਾਈ ਦੀ ਵਿਵਸਥਾ ਕਰਦੀਆਂ ਹਨ, ਜਿਨ੍ਹਾਂ 'ਚ ਲਾਪਰਵਾਹੀ ਕਾਰਨ ਕੁੱਤੇ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਅਤੇ ਉਸ ਨਾਲ ਕਿਸੇ ਵਿਅਕਤੀ ਨੂੰ ਸੱਟ ਪਹੁੰਚਦੀ ਹੈ।" ਉਨ੍ਹਾਂ ਕਿਹਾ,"ਧਾਰਾ 291 ਦੇ ਅਧੀਨ 6 ਮਹੀਨਿਆਂ ਦੀ ਕੈਦ ਜਾਂ 5,000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ। ਇਸੇ ਤਰ੍ਹਾਂ ਧਾਰਾ 125(A) ਕਿਸੇ ਵਿਅਕਤੀ ਨੂੰ ਸੱਟ ਪਹੁੰਚਾਉਣ ਦੇ ਮਾਮਲੇ 'ਚ 6 ਮਹੀਨਿਆਂ ਤੱਕ ਦੀ ਕੈਦ ਜਾਂ 5,000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਕਰਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
