2 ਹਜ਼ਾਰ ਰੁਪਏ ਲੈ ਕੇ ਦਿੱਲੀ ’ਚ ਲਿਖੇ ਸਨ ਖਾਲਿਸਤਾਨੀ ਨਾਅਰੇ, US ’ਚ ਬੈਠੇ ਬੌਸ ਨੇ ਦਿੱਤਾ ਸੀ ਹੁਕਮ, 2 ਗ੍ਰਿਫ਼ਤਾਰ

Monday, Jan 30, 2023 - 11:58 AM (IST)

2 ਹਜ਼ਾਰ ਰੁਪਏ ਲੈ ਕੇ ਦਿੱਲੀ ’ਚ ਲਿਖੇ ਸਨ ਖਾਲਿਸਤਾਨੀ ਨਾਅਰੇ, US ’ਚ ਬੈਠੇ ਬੌਸ ਨੇ ਦਿੱਤਾ ਸੀ ਹੁਕਮ, 2 ਗ੍ਰਿਫ਼ਤਾਰ

ਨਵੀਂ ਦਿੱਲੀ- ਖਾਲਿਸਤਾਨੀ ਸਲੀਪਰ ਸੈੱਲ ਹੁਣ ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਐਕਟਿਵ ਹੋ ਗਏ ਹਨ। 12 ਜਨਵਰੀ ਨੂੰ ਜਨਕਪੁਰੀ, ਤਿਲਕ ਨਗਰ, ਪੱਛਮ ਵਿਹਾਰ ਸਮੇਤ ਕਰੀਬ 12 ਥਾਵਾਂ ’ਤੇ ਖਾਲਿਸਤਾਨ ਦੇ ਸਮਰਥਨ ’ਚ ਲੱਗੇ ਪੋਸਟਰ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਸਨ। ਇਹ ਇਕ ਵਿਦੇਸ਼ੀ ਸਾਜ਼ਿਸ਼ ਸੀ ਅਤੇ ਖਾਲਿਸਤਾਨੀ ਅੱਤਵਾਦੀ ਨੈੱਟਵਰਕ ਦੇ ਸਲੀਪਰ ਸੈੱਲ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ’ਚ ਹਨ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 2 ਮੁਲਜ਼ਮਾਂ ਨੂੰ ਫੜਿਆ। ਇਨ੍ਹਾਂ ਦੀ ਪਛਾਣ ਤਿਲਕ ਨਗਰ, ਦਿੱਲੀ ਨਿਵਾਸੀ ਵਿਕਰਮ ਸਿੰਘ (29) ਅਤੇ ਭਰਤਪੁਰ, ਰਾਜਸਥਾਨ ਨਿਵਾਸੀ ਬਲਰਾਮ ਸਿੰਘ (34) ਵਜੋਂ ਹੋਈ ਹੈ। ਦੋਵੇਂ ਇਕ ਨਾਮੀ ਹੋਟਲ ’ਚ ਕੰਮ ਕਰਦੇ ਸਨ ਅਤੇ ਦੋਸਤ ਵੀ ਹਨ। ਸਪੈਸ਼ਲ ਸੀ.ਪੀ.ਐੱਲ.ਐੱਚ.ਜੀ.ਐੱਸ. ਧਾਲੀਵਾਲ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ ’ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਦੇਖਿਆ ਗਿਆ ਕਿ ਦਿੱਲੀ ਦੇ ਕਈ ਹੋਰ ਹਿੱਸਿਆਂ ’ਚ 18 ਅਤੇ 19 ਜਨਵਰੀ ਦੀ ਰਾਤ ਨੂੰ ਖਾਲਿਸਤਾਨ ਦੇ ਸਮਰਥਨ ’ਚ ਭੜਾਸ ਕੱਢੀ ਗਈ ਅਤੇ ਵਿਵਾਦਤ ਨਾਅਰੇ ਲਿਖੇ ਗਏ।

ਇਸ ਮਾਮਲੇ ’ਚ ਵਧੀਕ ਸੀ. ਪੀ. ਪ੍ਰਮੋਦ ਸਿੰਘ ਕੁਸ਼ਵਾਹਾ ਦੀ ਅਗਵਾਈ ਹੇਠ ਟੀਮ ਬਣਾਈ ਗਈ। ਟੀਮ ਜਾਂਚ ’ਚ ਜੁਟੀ ਹੋਈ ਸੀ। ਇਸ ਦੌਰਾਨ 23 ਜਨਵਰੀ ਨੂੰ ਇਕ ਵਾਰ ਫਿਰ ਤੋਂ ਪੱਛਮੀ ਦਿੱਲੀ ਦੇ ਕੁਝ ਇਲਾਕਿਆਂ ’ਚ ਇਸ ਪ੍ਰਕਾਰ ਦੇ ਨਾਅਰੇ ਕੰਧਾਂ ’ਤੇ ਦੇਖੇ ਗਏ। ਇਸੇ ਦੌਰਾਨ ਅਮਰੀਕਾ ’ਚ ਬੈਠੇ ਜਸਟਿਸ ਫਾਰ ਸਿੱਖ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਦਿੱਲੀ ’ਚ ਉਨ੍ਹਾਂ ਦੇ ਸਮਰਥਕ ਪਹੁੰਚ ਗਏ ਹਨ ਅਤੇ ਆਉਣ ਵਾਲੀ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਦਿਨ ਕਿਸੇ ਹਮਲੇ ਦੀ ਤਿਆਰੀ ’ਚ ਹਨ। ਵੀਡੀਓ ’ਚ ਇਹ ਵੀ ਕਿਹਾ ਕਿ ਗਣਤੰਤਰ ਦਿਵਸ ’ਤੇ ਖਾਲਿਸਤਾਨੀ ਝੰਡਾ ਲਹਿਰਾਇਆ ਜਾਵੇਗਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਸਨ। ਟੀਮ ਨੇ ਜਿਨ੍ਹਾਂ ਇਲਾਕਿਆਂ ’ਚ ਗ੍ਰੈਫਿਟੀ ਕੀਤੀ ਗਈ ਸੀ, ਉਥੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਦੋਸ਼ੀਆਂ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਅਤੇ ਦੋਵਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ।


author

DIsha

Content Editor

Related News