ਜੰਮੂ-ਕਸ਼ਮੀਰ ਦੇ ਹੰਦਵਾੜਾ ’ਚ 2 ਹਾਈਬ੍ਰਿਡ ਅੱਤਵਾਦੀ ਗ੍ਰਿਫਤਾਰ, ਹਥਿਆਰ ਤੇ ਗੋਲਾ-ਬਾਰੂਦ ਬਰਾਮਦ

Saturday, Aug 20, 2022 - 11:31 AM (IST)

ਜੰਮੂ-ਕਸ਼ਮੀਰ ਦੇ ਹੰਦਵਾੜਾ ’ਚ 2 ਹਾਈਬ੍ਰਿਡ ਅੱਤਵਾਦੀ ਗ੍ਰਿਫਤਾਰ, ਹਥਿਆਰ ਤੇ ਗੋਲਾ-ਬਾਰੂਦ ਬਰਾਮਦ

ਕੁਪਵਾੜਾ/ਜੰਮੂ (ਉਦੈ/ਅਰੀਜ)– ਪੁਲਸ ਨੇ ਸ਼ੁੱਕਰਵਾਰ ਨੂੰ ਉੱਤਰੀ ਕਸ਼ਮੀਰ ਦੇ ਹੰਦਵਾੜਾ ਵਿਚ 2 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਹਾਈਬ੍ਰਿਡ ਅੱਤਵਾਦੀ ਕਈ ਹਿੰਸਕ ਘਟਨਾਵਾਂ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਟਾਰਗੈੱਟ ਕਿਲਿੰਗ ਦਾ ਟੀਚਾ ਦਿੱਤਾ ਗਿਆ ਸੀ।

ਪੁਲਸ ਦੇ ਅਨੁਸਾਰ 4 ਅਗਸਤ ਨੂੰ ਪੁਲਸ, ਫੌਜ ਦੀ 21 ਆਰ. ਆਰ. ਅਤੇ 92 ਬਟਾਲੀਅਨ ਸੀ. ਆਰ. ਪੀ. ਐੱਫ. ਦੀ ਸਾਂਝੀ ਟੀਮ ਨੇ ਹੰਦਵਾੜਾ ਵਿਚ 3 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਸੀ। ਇਸ ਸੰਬੰਧੀ ਪੁਲਸ ਥਾਣਾ ਹੰਦਵਾੜਾ ਵਿਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ।

ਪੁਲਸ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ 2 ਹੋਰ ਵਿਅਕਤੀਆਂ ਦੀ ਭੂਮਿਕਾ ਅੱਤਵਾਦੀ ਕਾਰਿਆਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਵਿਚ ਸਾਹਮਣੇ ਆਈ। ਉਨ੍ਹਾਂ ਦੀ ਪਛਾਣ ਏਜਾਜ ਅਹਿਮਦ ਭੱਟ ਉਰਫ ਹਿਲਾਲ ਪੁੱਤਰ ਖਜਰ ਮੁਹੰਮਦ ਭੱਟ ਵਾਸੀ ਹਮਪੋਰਾ ਅਤੇ ਨਸੀਰ ਅਹਿਮਦ ਮੀਰ ਪੁੱਤਰ ਮੁਹੰਮਦ ਰਮਜਾਨ ਮੀਰ ਵਾਸੀ ਸਗੀਪੋਰਾ ਵਜੋਂ ਹੋਈ ਹੈ।

ਉਨ੍ਹਾਂ ਕਿਹਾ ਕਿ ਸੁਰੱਖਿਆ ਫੋਰਸਾਂ ਦੀ ਸਾਂਝੀ ਟੀਮ ਨੇ ਉਨ੍ਹਾਂ ਕੋਲੋਂ 2 ਪਿਸਤੌਲ, 4 ਪਿਸਤੌਲ ਮੈਗਜ਼ੀਨ, 58 ਪਿਸਤੌਲ ਰਾਊਂਡ ਅਤੇ 6 ਗ੍ਰੇਨੇਡ ਬਰਾਮਦ ਕੀਤੇ ਹਨ।


author

Rakesh

Content Editor

Related News