ਜੰਮੂ-ਕਸ਼ਮੀਰ ਦੇ ਡੋਡਾ ’ਚ ਕ੍ਰੇਨ ਖੱਡ ’ਚ ਡਿੱਗਣ ਨਾਲ ਦੋ ਭਰਾਵਾਂ ਦੀ ਮੌਤ
Sunday, Jan 16, 2022 - 12:34 PM (IST)
ਜੰਮੂ– ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਇਕ ਅਰਥਮੂਵਰ (ਕ੍ਰੇਨ) ਦੇ ਸੜਕ ਤੋਂ ਫਿਸਲਕੇ 100 ਫੁੱਟ ਡੁੰਘੀ ਖੱਡ ’ਚ ਡਿੱਗਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਦੁਰਘਟਨਾ ਸ਼ਨੀਵਾਰ ਰਾਤ ਸ਼ਾਹਲਾਲਾ ’ਚ ਕਰੀਬ ਸਾਢੇ ਗਿਆਰਾ ਵਜੇ ਹੋਈ ਸੀ ਜਦੋਂ ਦੋਵੇਂ ਭਰਾ ਆਪਣੇ ਇਕ ਸਾਥੀ ਨਾਲ ਭਾਰਤੀ ਤੋਂ ਭਟਯਾਸ ਜਾ ਰਹੇ ਸਨ।
ਡੋਡਾ ਦੇ ਸੀਨੀਅਰ ਪੁਲਸ ਅਧਿਕਾਰਕੀ (ਐੱਸ.ਐੱਸ.ਪੀ.) ਅਬਦੁੱਲ ਕਯੂਮ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਅਜਿਹਾ ਲੱਗ ਰਿਹਾ ਹੈ ਕਿ ਬਰਫ ਨਾਲ ਢਕੀ ਸੜਕ ’ਤੇ ਕ੍ਰੇਨ ਨੂੰ ਮੁਸ਼ਤਾਕ ਅਹਿਮਦ (22) ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਹੋਇਆ। ਹਾਦਸੇ ਦੇ ਤੁਰੰਤ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਅਹਿਮਦ ਦੀ ਮੌਕੇ ’ਤੇ ਮੌਤ ਹੋ ਗਈ ਸੀ ਜਦਕਿ ਉਸਦੇ ਭਰਾ ਇਸ਼ਤਿਯਾਕ ਅਹਿਮਦ ਅਤੇ ਫਰੀਦ ਅਹਿਮਦ ਗੁਰਜਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ਼ਤਿਯਾਕ (19) ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਗੁਰਜਰ ਨੂੰ ਵਿਸ਼ੇਸ਼ ਇਲਾਜ ਲਈ ਡੋਡਾ ਦੇ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਗੰਧੋਹ ਪੁਲਸ ਥਾਣੇ ’ਚ ਇਸ ਬਾਬਤ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ।