ਜੰਮੂ ਕਸ਼ਮੀਰ ਦੇ ਬਾਂਦੀਪੋਰਾ ''ਚ ਵਿਸਫ਼ੋਟਕ ਲਗਾਉਣ ''ਚ ਸ਼ਾਮਲ 2 ''ਹਾਈਬ੍ਰਿਡ'' ਅੱਤਵਾਦੀ ਗ੍ਰਿਫ਼ਤਾਰ
Monday, Nov 07, 2022 - 03:16 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਪਿਛਲੇ ਮਹੀਨੇ ਵਿਸਫ਼ੋਟਕ ਲਗਾਉਣ 'ਚ ਸ਼ਾਮਲ 2 'ਹਾਈਬ੍ਰਿਡ' ਅੱਤਵਾਦੀਆਂ ਨੂੰ ਬਾਰਾਮੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਤੋਂ 2 ਰਿਮੋਟ ਨਾਲ ਚੱਲਣ ਵਾਲੇ ਆਈ.ਈ.ਡੀ. ਵੀ ਬਰਾਮਦ ਕੀਤੇ ਹਨ। ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਕਸ਼ਮੀਰ, ਵਿਜੇ ਕੁਮਾਰ ਨੇ ਇਕ ਟਵੀਟ 'ਚ ਕਿਹਾ,''ਸੋਪੋਰ ਪੁਲਸ ਨੇ ਕੇਨੁਸਾ ਬਾਂਦੀਪੋਰਾ 'ਚ ਹਾਲ ਹੀ 'ਚ ਆਈ.ਈ.ਡੀ. ਵਿਸਫੋਟ ਦੀ ਘਟਨਾ ਦਾ ਖ਼ੁਲਾਸਾ ਕੀਤਾ ਹੈ। 2 ਹਾਈਬ੍ਰਿਡ ਅੱਤਵਾਦੀ ਇਰਸ਼ਾਦ ਗਨੀ ਅਤੇ ਕੇਨੁਸਾ ਬਾਂਦੀਪੋਰਾ ਦੇ ਵਸੀਮ ਰਾਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੇਟੋਨੇਟਰ ਨਾਲ 2 ਰਿਮੋਟ ਕੰਟਰੋਲ ਆਈ.ਈ.ਡੀ. ਬਰਾਮਦ ਹੋਏ।''
ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅੱਤਵਾਦੀਆਂ ਨੇ 15 ਅਕਤੂਬਰ ਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਕੇਨੁਸਾ-ਅਸਟਾਂਗੋ ਇਲਾਕੇ 'ਚ ਇਕ ਆਈ.ਈ.ਡੀ. ਲਗਾਇਆ ਸੀ, ਜਿਸ ਦਾ ਭਾਰ ਲਗਭਗ 18 ਕਿਲੋਗ੍ਰਾਮ ਸੀ, ਇਸ 'ਚ 2 ਗੈਸ ਸਿਲੰਡਰ ਲੱਗੇ ਸਨ। ਸੁਰੱਖਿਆ ਫ਼ੋਰਸਾਂ ਨੇ ਵਿਸਫ਼ੋਟਕ ਉਪਕਰਣ ਦਾ ਪਤਾ ਲਗਾਇਆ ਅਤੇ ਉਸ ਨੂੰ ਨਸ਼ਟ ਕਰ ਦਿੱਤਾ, ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ।