ਅਜੀਬ ਬੀਮਾਰੀ ਨਾਲ ਜੂਝ ਰਹੀਆਂ ਜੁੜਵਾ ਭੈਣਾਂ ਇਸ ਵਾਰ ਨਹੀਂ ਪਾ ਸਕੀਆਂ ਵੋਟ

Monday, Feb 21, 2022 - 11:04 AM (IST)

ਅਜੀਬ ਬੀਮਾਰੀ ਨਾਲ ਜੂਝ ਰਹੀਆਂ ਜੁੜਵਾ ਭੈਣਾਂ ਇਸ ਵਾਰ ਨਹੀਂ ਪਾ ਸਕੀਆਂ ਵੋਟ

ਕਾਨਪੁਰ (ਭਾਸ਼ਾ)- ਅਜੀਬ ਬੀਮਾਰੀ ਨਾਲ ਜੂਝ ਰਹੀਆਂ ਕਾਨਪੁਰ ਦੀਆਂ 2 ਜੁੜਵਾ ਭੈਣਾਂ ਦੀਆਂ ਹਾਲ ਹੀ 'ਚ ਹੱਡੀਆਂ ਟੁੱਟਣ ਕਾਰਨ ਉਹ ਬਿਸਤਰ 'ਤੇ ਹਨ, ਜਿਸ ਕਾਰਨ ਇਸ ਵਾਰ ਵੋਟ ਨਹੀਂ ਪਾ ਸਕੀਆਂ। ਕਾਨਪੁਰ 'ਚ ਰਹਿਣ ਵਾਲੀ 30 ਸਾਲਾ ਸ਼ਰੂਤੀ ਭਾਟਲਾ ਅਤੇ ਗੌਰੀ ਭਾਟਲਾ ਨੂੰ ਇਕ ਅਜੀਬ ਬੀਮਾਰੀ 'ਬ੍ਰਿਟਲ ਬੋਂਸ ਡਿਜੀਜ' ਹੈ, ਜਿਸ ਨੂੰ 'ਆਸਟਿਓਜੇਨੇਸਿਸ ਇੰਪਰਫੈਕਟਾ' ਵੀ ਕਿਹਾ ਜਾਂਦਾ ਹੈ। ਇਸ ਦੇ ਮਰੀਜ਼ਾਂ ਦੀਆਂ ਹੱਡੀਆਂ ਮਾਮੂਲੀ ਜਿਹੇ ਝਟਕੇ ਨਾਲ ਵੀ ਟੁੱਟ ਜਾਂਦੀਆਂ ਹਨ। ਦੋਵੇਂ ਭੈਣਾਂ ਦੀ ਮਾਂ ਸੋਨੀਆ ਭਾਟਲਾ ਨੇ ਦੱਸਿਆ ਕਿ ਗੌਰੀ ਦੀ ਹੱਡੀ ਪਿਛਲੇ ਸ਼ਨੀਵਾਰ ਟੁੱਟੀ ਸੀ, ਜਦੋਂ ਕਿ ਸ਼ਰੂਤੀ ਦੀ ਹੱਡੀ ਕੁਝ ਦਿਨ ਪਹਿਲਾਂ ਟੁੱਟੀ ਹੈ, ਜਿਸ ਕਾਰਨ ਦੋਵੇਂ ਬਿਸਤਰ 'ਤੇ ਹਨ। ਉਨ੍ਹਾਂ ਦੱਸਿਆ ਕਿ ਸ਼ਰੂਤੀ ਅਤੇ ਗੌਰੀ, ਦੋਵੇਂ ਹੀ ਵੋਟ ਪਾਉਣ ਲਈ ਬਹੁਤ ਉਤਸ਼ਾਹਤ ਸਨ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਐਤਵਾਰ ਨੂੰ ਹੋਈ ਵੋਟਿੰਗ ਦੌਰਾਨ ਸਰਕਾਰੀ ਅਫ਼ਸਰ ਵੋਟ ਪਾਉਣ 'ਚ ਉਨ੍ਹਾਂ ਦੀ ਮਦਦ ਕਰਨਗੇ।

ਇਹ ਵੀ ਪੜ੍ਹੋ : ਸੁਰੱਖਿਆ ਫ਼ੋਰਸਾਂ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਫ਼ੌਜ ਦਾ ਅਨੋਖਾ ਜੁਗਾੜ, ਡਰੋਨ ਨਾਲ ਕੀਤੀ ਸਪਲਾਈ

ਉਨ੍ਹਾਂ ਕਿਹਾ ਕਿ ਦੋਵੇਂ ਹਰ ਚੋਣਾਂ 'ਚ ਵੋਟਿੰਗ ਕਰਦੀਆਂ ਸਨ ਪਰ ਇਸ ਵਾਰ ਅਜਿਹਾ ਨਹੀਂ ਹੋ ਸਕਿਆ। ਸੋਨੀਆ ਅਨੁਸਾਰ, ਜਦੋਂ ਆਮ ਲੋਕਾਂ ਨੂੰ ਫਰੈਕਚਰ ਹੁੰਦਾ ਹੈ ਤਾਂ ਪਲਾਸਟਰ ਚੜ੍ਹਾਉਣ ਜਾਂ ਸਰਜਰੀ ਕਰਨ ਨਾਲ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਸੰਭਾਵਨਾ ਰਹਿੰਦੀ ਹੈ ਪਰ ਉਨ੍ਹਾਂ ਦੀਆਂ ਬੇਟੀਆਂ ਦੇ ਮਾਮਲੇ 'ਚ ਛੋਟੀ ਜਿਹੀ ਗਤੀਵਿਧੀ ਨਾਲ ਹੱਡੀ ਟੁੱਟ ਸਕਦੀ ਹੈ। ਸੋਨੀਆ ਨੇ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਦੀ ਹੱਡੀ ਟੁੱਟਣ 'ਤੇ ਉਸ ਨੂੰ ਠੀਕ ਹੋਣ 'ਚ 40 ਤੋਂ 50 ਦਿਨ ਲੱਗਦੇ ਹਨ। ਗੌਰੀ ਨੇ ਅਤੀਤ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਮਿਲੀ ਸੀ ਅਤੇ ਉਨ੍ਹਾਂ ਨੇ ਲਖਨਊ ਦੇ ਸੰਜੇ ਗਾਂਧੀ ਹਸਪਤਾਲ ਆਯੂਰਵਿਗਿਆਨ ਸੰਸਥਾ 'ਚ ਇਲਾਜ ਕਰਵਾਉਣ 'ਚ ਮਦਦ ਕੀਤੀ ਸੀ। ਦੋਵੇਂ ਜੁੜਵਾ ਭੈਣਾਂ ਨੂੰ ਉਮੀਦ ਹੈ ਕਿ ਇਕ ਦਿਨ ਉਹ ਪ੍ਰਧਾਨ ਮੰਤਰੀ ਨੂੰ ਵੀ ਮਿਲਣਗੀਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News