ਸ਼੍ਰੀਨਗਰ ’ਚ 15 ਲੱਖ ਫੁੱਲਾਂ ਨਾਲ ‘ਗੁਲਜ਼ਾਰ’ ਹੋਇਆ ਟਿਊਲਿਪ ਗਾਰਡਨ, ਅੱਜ ਸੈਲਾਨੀਆਂ ਲਈ ਖੁੱਲ੍ਹੇਗਾ
Thursday, Mar 25, 2021 - 11:58 AM (IST)
ਸ਼੍ਰੀਨਗਰ— ਕਸ਼ਮੀਰ ’ਚ ਨਵੇਂ ਸੈਰ-ਸਪਾਟਾ ਸੀਜ਼ਨ ਦੀ ਸ਼ੁਰੂਆਤ ਨਾਲ ਹੀ ਵੀਰਵਾਰ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਜਨਤਾ ਲਈ ਖੁੱਲ੍ਹ ਜਾਵੇਗਾ। ਪਹਿਲਾਂ ਸਿਰਾਜ ਬਾਗ ਦੇ ਨਾਂ ਤੋਂ ਮਸ਼ਹੂਰ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ ਨੂੰ 2008 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਖੁੱਲ੍ਹਵਾਇਆ ਸੀ। ਇਹ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਹੈ। ਇਹ ਲੱਗਭਗ 30 ਹੈਕਟੇਅਰ ਦੇ ਖੇਤਰ ’ਚ ਫੈਲਿਆ ਹੋਇਆ ਹੈ।
ਗਾਰਡਨ ਦੇ ਮੁਖੀ ਇਨਾਮ ਰਹਿਮਾਨ ਸੋਫੀ ਨੇ ਦੱਸਿਆ ਕਿ ਵੀਰਵਾਰ ਨੂੰ ਗਾਰਡਨ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਸੋਫੀ ਨੇ ਕਿਹਾ ਕਿ ਇਸ ਸਾਲ ਵੱਖ-ਵੱਖ ਕਿਸਮਾਂ ਦੇ ਲੱਗਭਗ 15 ਲੱਖ ਫੁੱਲ ਲਾਏ ਗਏ ਹਨ। ਅਧਿਕਾਰੀ ਨੇ ਕਿਹਾ ਕਿ ਗਾਰਡਨ ਵਿਚ ਇਸ ਸਾਲ ਟਿਊਲਿਪ ਦੀਆਂ 62 ਕਿਸਮਾਂ ਹਨ। ਟਿਊਲਿਪ ਦੇ ਫੁੱਲ ਔਸਤਨ 3-4 ਹਫ਼ਤੇ ਤੱਕ ਰਹਿੰਦੇ ਹਨ ਪਰ ਭਾਰੀ ਮੀਂਹ ਅਤੇ ਬਹੁਤ ਜ਼ਿਆਦਾ ਗਰਮੀ ਇਨ੍ਹਾਂ ਨੂੰ ਨਸ਼ਟ ਕਰ ਸਕਦੀ ਹੈ। ਦਰਅਸਲ ਟਿਊਲਿਪ ਗਾਰਡਨ ਸਥਾਪਤ ਕਰਨ ਦਾ ਉਦੇਸ਼ ਸੈਲਾਨੀਆਂ ਨੂੰ ਇਕ ਹੋਰ ਬਦਲ ਦੇਣਾ ਅਤੇ ਸੈਰ-ਸਪਾਟਾ ਸੀਜ਼ਨ ਨੂੰ ਅੱਗੇ ਵਧਾਉਣਾ ਸੀ।
ਹਰ ਸਾਲ ਹਜ਼ਾਰਾਂ ਸੈਲਾਨੀ ਇੱਥੇ ਆਉਂਦੇ ਹਨ। ਹਾਲਾਂਕਿ ਗਾਰਡਨ ਨੂੰ ਦੋ ਸਾਲ ਦੇ ਵਕਫ਼ੇ ਮਗਰੋਂ ਖੋਲ੍ਹਿਆ ਜਾਵੇਗਾ, ਕਿਉਂਕਿ ਇਹ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲੱਗੀ ਤਾਲਾਬੰਦੀ ਕਾਰਨ ਸੈਲਾਨੀਆਂ ਲਈ ਬੰਦ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕਾਂ ਨੂੰ ਟਿਊਲਿਪ ਗਾਰਡਨ ਘੁੰਮਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੇ ਗਰਮਜੋਸ਼ੀ ਭਰੇ ਪ੍ਰਹੁਣਚਾਰੀ ਦਾ ਆਨੰਦ ਲੈਣ ਦੀ ਅਪੀਲ ਕੀਤੀ।
ਗਾਰਡਨ ਬਾਰੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸ਼ੇਅਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਜੰਮੂ-ਕਸ਼ਮੀਰ ਦੀ ਯਾਤਰਾ ਕਰੋ ਅਤੇ ਸੁੰਦਰ ਟਿਊਲਿਪ ਗਾਰਡਨ ਦੇ ਦਰਸ਼ਨ ਕਰੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਲ੍ਹ 25 ਮਾਰਚ ਜੰਮੂ-ਕਸ਼ਮੀਰ ਲਈ ਖ਼ਾਸ ਹੈ। ਟਿਊਲਿਪ ਗਾਰਡਨ ਸੈਲਾਨੀਆਂ ਲਈ ਖੁੱਲ੍ਹ ਜਾਵੇਗਾ। ਗਾਰਡਨ ਵਿਚ 64 ਤੋਂ ਵੱਧ ਕਿਸਮਾਂ ਦੇ 15 ਲੱਖ ਤੋਂ ਵਧੇਰੇ ਫੁੱਲ ਵਿਖਾਈ ਦੇਣਗੇ।