ਹੋਮਵਰਕ ਨਾ ਕਰਨ ''ਤੇ ਟਿਊਸ਼ਨ ਟੀਚਰ ਨੇ 8 ਸਾਲਾ ਵਿਦਿਆਰਥੀ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ, ਮਾਮਲਾ ਦਰਜ
Wednesday, Sep 07, 2022 - 11:17 AM (IST)
ਗਵਾਲੀਅਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਪੁਲਸ ਨੇ ਹੋਮਵਰਕ ਪੂਰਾ ਨਾ ਕਰਨ 'ਤੇ 8 ਸਾਲਾ ਵਿਦਿਆਰਥੀ ਦੀ ਲੋਹੇ ਦੀ ਰਾਡ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਟਿਊਸ਼ਨ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ (ਐੱਸ.ਪੀ.) ਅਮਿਤ ਸਾਂਘੀ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਹਫ਼ਤੇ ਵਾਪਰੀ ਘਟਨਾ ਲਈ ਅਧਿਆਪਕ ਯੋਗੇਸ਼ ਸ਼੍ਰੀਵਾਸਤਵ ਦੇ ਖ਼ਿਲਾਫ਼ ਬਾਲ ਐਕਟ ਅਤੇ ਆਈ.ਪੀ.ਸੀ. ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਘਟਨਾ ਸ਼ਹਿਰ ਦੇ ਥਾਟੀਪੁਰ ਇਲਾਕੇ ਵਿਚ ਇਕ ਸਤੰਬਰ ਨੂੰ ਵਾਪਰੀ ਸੀ, ਜਦੋਂ ਅਧਿਆਪਕ ਨੇ ਹੋਮਵਰਕ ਪੂਰਾ ਨਾ ਕਰਨ ਦੇ ਦੋਸ਼ 'ਚ 5ਵੀਂ ਜਮਾਤ ਦੇ ਵਿਦਿਆਰਥੀ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ। ਅਧਿਕਾਰੀ ਨੇ ਦੱਸਿਆ ਕਿ ਮੁੰਡੇ ਦੇ ਪੈਰ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਉਸ ਦੇ ਮਾਪਿਆਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਅਧਿਆਪਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।