ਨਾਗਰਿਕਾਂ ਦੀਆਂ ਆਜ਼ਾਦੀਆਂ ਦੇ ਰਖਵਾਲੇ ਵਜੋਂ ਸੁਪਰੀਮ ਕੋਰਟ ’ਤੇ ਵਿਸ਼ਵਾਸ ਕਰੋ : ਚੀਫ਼ ਜਸਟਿਸ ਚੰਦਰਚੂੜ
Sunday, Dec 18, 2022 - 11:59 AM (IST)
ਮੁੰਬਈ (ਭਾਸ਼ਾ)- ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਨੂੰਨ ਦੀ ਉਚਿਤ ਪ੍ਰਕਿਰਿਆ ’ਚ ਨਾਗਰਿਕਾਂ ਦਾ ਵਿਸ਼ਵਾਸ ਅਤੇ ਸੁਤੰਤਰਤਾ ਦੀ ਸੁਰੱਖਿਆ ਨਿਆਂਪਾਲਿਕਾ ’ਤੇ ਟਿਕੀ ਹੋਈ ਹੈ, ਜੋ ਆਜ਼ਾਦੀਆਂ ਦੇ ਰਖਵਾਲੇ ਹਨ। ਚੀਫ਼ ਜਸਟਿਸ (ਸੀ. ਜੇ. ਆਈ.) ਨੇ ਇੱਥੇ ਇਕ ਭਾਸ਼ਣ ਦਿੰਦੇ ਹੋਏ, ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਉਦੇਸ਼ਾਂ ਨੂੰ ਨਿਡਰਤਾ ਨਾਲ ਅੱਗੇ ਵਧਾਉਣ ਵਾਲੇ ‘ਬਾਰ’ ਦੇ ਮੈਂਬਰਾਂ ਦੇ ਜੀਵਨ ਰਾਹੀਂ ਆਜ਼ਾਦੀ ਦੀ ਰੌਸ਼ਨੀ ਅੱਜ ਵੀ ਚਮਕਦੀ ਰਹਿੰਦੀ ਹੈ। ਇੱਥੇ ਵਾਈ. ਬੀ. ਚਵਾਨ ਕੇਂਦਰ ’ਚ ਅਸ਼ੋਕ ਐੱਚ. ਦੇਸਾਈ ਮੈਮੋਰੀਅਲ ਲੈਕਚਰ ਦਿੰਦੇ ਹੋਏ ਉਨ੍ਹਾਂ ਨੇ ਚੋਰੀ ਦੇ ਇਕ ਮਾਮਲੇ ਨੂੰ ਹਵਾਲਾ ਦਿੱਤਾ, ਜਿਸ ’ਚ ਜੇਕਰ ਸੁਪਰੀਮ ਕੋਰਟ ਨੇ ਦਖਲ ਨਹੀਂ ਕੀਤਾ ਹੁੰਦਾ ਤਾਂ ਇਕ ਵਿਅਕਤੀ ਨੂੰ 18 ਸਾਲ ਕੈਦ ਦੀ ਸਜ਼ਾ ਕੱਟਣੀ ਪੈਂਦੀ।
ਉਨ੍ਹਾਂ ਕਿਹਾ ਕਿ ‘‘ਨਾਗਰਿਕਾਂ ਦੀ ਆਜ਼ਾਦੀ ਦੇ ਰਖਵਾਲੇ ਵਜੋਂ ਸਾਡੇ ’ਤੇ ਵਿਸ਼ਵਾਸ ਕਰੋ।’’ ਪ੍ਰੋਗਰਾਮ ਦਾ ਆਯੋਜਨ ਮੁੰਬਈ ਬਾਰ ਐਸੋਸੀਏਸ਼ਨ ਨੇ ਕੀਤਾ ਸੀ। ਸੀ. ਜੇ. ਆਈ ਚੰਦਰਚੂੜ ਨੇ ਕਿਹਾ, ਕੱਲ ਇਕ ਮਾਮਲੇ ’ਚ, ਜਿਸ ’ਚ ਸੈਸ਼ਨ ਕੋਰਟ ਨੇ ਬਿਜਲੀ ਚੋਰੀ ਦੇ ਦੋਸ਼ ’ਚ ਇਕ ਦੋਸ਼ੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ ਪਰ ਹੇਠਲੀ ਅਦਾਲਤ ਦੇ ਜੱਜ ਇਹ ਕਹਿਣਾ ਭੁੱਲ ਗਏ ਕਿ ਸਜ਼ਾਵਾਂ ਨਾਲ ਹੀ ਚੱਲਣਗੀਆਂ। ਉਨ੍ਹਾਂ ਕਿਹਾ, ਇਸ ਲਈ ਇਸ ਦਾ ਨਤੀਜਾ ਇਹ ਹੋਇਆ ਕਿ ਬਿਜਲੀ ਦੇ ਉਪਕਰਣ ਚੋਰੀ ਕਰਨ ਵਾਲੇ ਇਸ ਵਿਅਕਤੀ ਨੂੰ 18 ਸਾਲ ਜੇਲ ’ਚ ਰਹਿਣਾ ਪੈਂਦਾ, ਕਿਉਂਕਿ ਹੇਠਲੀ ਅਦਾਲਤ ਇਹ ਨਿਰਦੇਸ਼ ਨਹੀਂ ਦੇ ਸਕਦੀ ਸੀ ਕਿ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ। ਸੀ. ਜੇ. ਆਈ. ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਕਰਾਮ ਨਾਂ ਦੇ ਵਿਅਕਤੀ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।