ਸ਼ਿਮਲਾ ’ਚ ਸੇਬਾਂ ਨਾਲ ਲੱਦੇ ਟਰੱਕ ਦੀ ਬਰੇਕ ਫੇਲ, ਲਪੇਟ ’ਚ ਆਏ 25 ਵਾਹਨ
Tuesday, Jul 26, 2022 - 10:11 AM (IST)
ਸ਼ਿਮਲਾ (ਜਸਟਾ)- ਸ਼ਿਮਲਾ ਸਥਿਤ ਭੱਟਾਕੁਫਰ ਸਬਜ਼ੀ ਮੰਡੀ ਨੇੜੇ ਸੇਬਾਂ ਨਾਲ ਲੱਦੇ ਟਰੱਕ ਦੀ ਬ੍ਰੇਕ ਫੇਲ ਹੋ ਗਈ, ਜਿਸ ਕਾਰਨ ਉਸ ਦੀ ਲਪੇਟ ’ਚ ਆਉਣ ਨਾਲ 25 ਵਾਹਨ ਨੁਕਸਾਨੇ ਗਏ। ਇਸ ਹਾਦਸੇ ’ਚ 8 ਲੋਕ ਜ਼ਖਮੀ ਹੋ ਗਏ। ਜਦੋਂ ਟਰੱਕ ਦੀ ਬ੍ਰੇਕ ਫੇਲ ਹੋਈ ਤਾਂ ਸੜਕ ’ਤੇ ਕੁਝ ਲੋਕ ਖੜ੍ਹੇ ਸਨ, ਜਿਨ੍ਹਾਂ ’ਚੋਂ ਕੁਝ ਤਾਂ ਬਚ ਕੇ ਭੱਜਣ ’ਚ ਕਾਮਯਾਬ ਹੋ ਗਏ ਪਰ ਕਈ ਇਸ ਦੀ ਲਪੇਟ ’ਚ ਆਉਣ ਕਾਰਨ ਜ਼ਖਮੀ ਹੋ ਗਏ।
ਚਸ਼ਮਦੀਦ ਦੀਪੇਸ਼ ਕੁਮਾਰ ਨੇ ਦੱਸਿਆ ਕਿ ਉਹ ਬੱਸ ਦੀ ਉਡੀਕ ’ਚ ਖੜ੍ਹਾ ਸੀ। ਅਚਾਨਕ ਇਕ ਬੇਕਾਬੂ ਟਰੱਕ ਸੜਕ ਦੇ ਕਿਨਾਰੇ ਖੜ੍ਹੇ ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਕੰਧ ਵੱਲ ਚਲਾ ਗਿਆ। ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਟਰਾਲੇ ਦੀ ਲਪੇਟ ’ਚ ਆਉਣ ਨਾਲ ਸ਼ਿਵਾਲਿਕ ਨਰਸਿੰਗ ਕਾਲਜ ਦੀ ਵਿਦਿਆਰਥਣ ਆਰੂਸ਼ੀ, ਸ਼ਰੂਤੀ, ਢਲੀ ਨਿਵਾਸੀ ਦੀਪਕ ਅਟਵਾਲ, ਪਹਾੜੀ ਸਿੰਗਰ ਵਿੱਕੀ ਚੌਹਾਨ ਤੇ ਉਸ ਦੀ ਪਤਨੀ ਸ਼ਵੇਤਾ, ਉਨ੍ਹਾਂ ਦਾ ਪੁੱਤਰ ਨਿਵਾਨ, ਠਿਯੋਗ ਨਿਵਾਸੀ ਕਾਂਤਾ ਦੇਵੀ ਅਤੇ ਨੇਪਾਲੀ ਮੂਲ ਦਾ ਦਿਲ ਬਹਾਦਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਆਈ. ਜੀ. ਐੱਮ. ਸੀ. ਹਸਪਤਾਲ ਪਹੁੰਚਾਇਆ ਗਿਆ।
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸ਼ਿਮਲਾ ’ਚ ਸੇਬਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ ’ਚ ਵੱਡੀ ਗਿਣਤੀ ’ਚ ਟਰੱਕ ਅਤੇ ਟਰਾਲੇ ਇੱਥੇ ਸੇਬ ਲੈਣ ਆ ਰਹੇ ਹਨ। ਜਿਸ ਟਰੱਕ ਦੀ ਬ੍ਰੇਕ ਫੇਲ ਹੋਈ ਹੈ, ਉਹ ਸੇਬਾਂ ਨਾਲ ਭਰਿਆ ਹੋਈ ਸੀ ਅਤੇ ਵਾਪਸ ਦਿੱਲੀ ਵੱਲ ਜਾ ਰਿਹਾ ਸੀ।