ਕੋਰੋਨਾ ਪੀੜਤ ਡਰਾਈਵਰ ਨੂੰ ਘਰ ਲੈਣ ਪਹੁੰਚੀ ਮੈਡੀਕਲ ਟੀਮ, ਹੋਇਆ ਫਰਾਰ
Saturday, May 09, 2020 - 06:38 PM (IST)

ਭਿਵਾਨੀ-ਹਰਿਆਣਾ 'ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਹੁਣ ਇੱਥੇ ਦਾਦਰੀ ਜ਼ਿਲੇ 'ਚ ਇਕ ਟਰੱਕ ਡਰਾਈਵਰ 'ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਜ਼ਿਲੇ 'ਚ ਕੋਰੋਨਾ ਵਾਇਰਸ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਜ਼ਿਲੇ ਦਾ 29 ਸਾਲਾਂ ਵਿਅਕਤੀ ਦੀ ਕੋਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਅੱਜ ਭਾਵ ਸ਼ਨੀਵਾਰ ਨੂੰ ਮਿਲੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਜਦੋਂ ਇਨਫੈਕਟਡ ਟਰੱਕ ਡਰਾਈਵਰ ਦੇ ਘਰ ਪਹੁੰਚੀ ਤਾਂ ਉਸ ਤੋਂ ਪਹਿਲਾਂ ਹੀ ਫਰਾਰ ਹੋ ਗਿਆ। ਇਨਫੈਕਟਡ ਵਿਅਕਤੀ ਦੇ ਨਾ ਮਿਲਣ 'ਤੇ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਹੁਣ ਪੁਲਸ ਉਸ ਨੂੰ ਗ੍ਰਿਫਤਾਰ ਕਰ ਇਲਾਜ ਕਰਵਾਉਣ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
ਦਾਦਰੀ ਦੇ ਚੀਫ ਮੈਡੀਕਲ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਟਰੱਕ ਡਰਾਈਵਰ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਨੇੜੇ ਦੇ 7 ਪਿੰਡਾਂ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਨਫੈਕਟਡ ਟਰੱਕ ਡਰਾਈਵਰ ਨੇ ਜੰਮੂ,ਅੰਮ੍ਰਿਤਸਰ ਅਤੇ ਦਿੱਲੀ ਦੀ ਯਾਤਰਾ ਕੀਤੀ ਸੀ। ਉਹ ਇਕ ਮਈ ਨੂੰ ਦਿੱਲੀ ਦੀ ਆਜ਼ਾਦਪੁਰ ਮੰਡੀ ਗਿਆ ਸੀ ਅਤੇ ਉਸੇ ਦਿਨ ਵਾਪਸ ਦਾਦਰੀ ਪਹੁੰਚਿਆ ਸੀ। ਉਨ੍ਹਾਂ ਨੇ ਦੱਸਿਆ ਹੈ ਕਿ 7 ਮਈ ਨੂੰ ਉਸ ਦਾ ਸੈਂਪਲ ਲਿਆ ਗਿਆ ਸੀ ਅਤੇ ਅੱਜ ਭਾਵ ਸ਼ਨੀਵਾਰ ਨੂੰ ਸਵੇਰਸਾਰ ਰਿਪੋਰਟ ਪਾਜ਼ੇਟਿਵ ਆਈ ਸੀ। ਜ਼ਿਲੇ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲਾ ਅਧਿਕਾਰੀ ਸ਼ਿਆਮਲਾਲ ਪੂਨੀਆ ਨੇ ਐਮਰਜੰਸੀ ਬੈਠਕ ਬੁਲਾਈ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ।