ਅਜੀਬ ਹੈ! ਬਿਨਾਂ ਹੈਲਮੇਟ ਟਰੱਕ ਚਲਾਉਣ ’ਤੇ ਡਰਾਈਵਰ ਦਾ ਕੱਟਿਆ ਚਲਾਨ
Thursday, Mar 18, 2021 - 02:36 PM (IST)
ਭੁਵਨੇਸ਼ਵਰ— ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਜ਼ਰੂਰੀ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਬਿਨਾਂ ਹੈਲਮੇਟ ਪਹਿਨੇ ਟਰੱਕ ਚਲਾਉਣ ’ਤੇ ਕਿਸੇ ਦਾ ਚਲਾਨ ਕੱਟਿਆ ਹੈ। ਜੀ ਹਾਂ, ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ਤੋਂ ਇਕ ਅਜਿਹਾ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟਰੱਕ ਡਰਾਈਵਰ ਦਾ 1,000 ਰੁਪਏ ਦਾ ਚਲਾਨ ਕੱਟਿਆ ਗਿਆ, ਕਿਉਂਕਿ ਉਹ ਬਿਨਾਂ ਹੈਲਮੇਟ ਪਹਿਨੇ ਟਰੱਕ ਚਲਾ ਰਿਹਾ ਸੀ। ਓਡੀਸ਼ਾ ਟਰਾਂਸਪੋਰਟ ਮਹਿਕਮੇ ਦਾ ਇਹ ਕਾਰਨਾਮਾ ਜਦੋਂ ਸਾਹਮਣੇ ਆਇਆ ਤਾਂ ਉਨ੍ਹਾਂ ਦੀ ਕਿਰਕਿਰੀ ਹੋ ਰਹੀ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਪ੍ਰਮੋਦ ਕੁਮਾਰ ਸਵੈਨ ਟਰੱਕ ਚਲਾਉਣ ਦੇ ਪਰਮਿਟ ਨੂੰ ਰਿਨਿਊ ਕਰਾਉਣ ਲਈ ਖੇਤਰੀ ਟਰਾਂਸਪੋਰਟ ਦਫ਼ਤਰ (ਆਰ. ਟੀ. ਓ.) ਗਏ ਸਨ। ਪ੍ਰਮੋਦ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਵਾਹਨ ਦਾ ਇਕ ਹਜ਼ਾਰ ਰੁਪਏ ਦਾ ਚਲਾਨ ਪੈਂਡਿੰਗ ਹੈ। ਟਰਾਂਸਪੋਰਟ ਮਹਿਕਮੇ ਦੇ ਅਧਿਕਾਰੀਆਂ ਦੀ ਇਹ ਗੱਲ ਸੁਣ ਕੇ ਪ੍ਰਮੋਦ ਹੈਰਾਨ ਰਹਿ ਗਏ। ਉਨ੍ਹਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਤਾ ਲੱਗਾ ਕਿ ਇਹ ਪੈਂਡਿੰਗ ਚਲਾਨ ਹੈਲਮੇਟ ਨਾ ਪਹਿਨਣ ਲਈ ਹੈ। ਪ੍ਰਮੋਦ ਵਲੋਂ ਇਹ ਪੁੱਛਣ ’ਤੇ ਕਿ ਉਸ ਦਾ ਚਲਾਨ ਕਿਸ ਲਈ ਕੱਟਿਆ ਗਿਆ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਬਿਨਾਂ ਹੈਲਮੇਟ ਪਹਿਨੇ ਟਰੱਕ ਚਲਾਉਣ ’ਤੇ ਉਸ ’ਤੇ ਜੁਰਮਾਨਾ ਲਾਇਆ ਗਿਆ ਹੈ।
ਜਦੋਂ ਪ੍ਰਮੋਦ ਨੇ ਕਿਹਾ ਕਿ ਉਹ ਬਾਈਕ ਨਹੀਂ ਸਗੋਂ ਕਿ ਟਰੱਕ ਡਰਾਈਵਰ ਹੈ, ਤਾਂ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ, ਜਦੋਂ ਪ੍ਰਮੋਦ ਨੂੰ ਮਜਬੂਰਨ ਉਹ ਚਲਾਨ ਭਰਨਾ ਪਿਆ। ਪ੍ਰਮੋਦ ਨੇ ਕਿਹਾ ਕਿ ਉਹ ਪਿਛਲੇ 3 ਸਾਲਾਂ ਤੋਂ ਟਰੱਕ ਚਲਾ ਰਿਹਾ ਹੈ, ਉਹ ਪਾਣੀ ਸਪਲਾਈ ਕਰਦੇ ਹਨ। ਹਾਲ ਹੀ ’ਚ ਉਨ੍ਹਾਂ ਦਾ ਟਰੱਕ ਪਰਮਿਟ ਖ਼ਤਮ ਹੋਇਆ, ਜਿਸ ਨੂੰ ਰਿਨਿਊ ਕਰਾਉਣ ਲਈ ਉਹ ਆਰ. ਟੀ. ਓ. ਦਫ਼ਤਰ ਗਏ ਸਨ।