ਪੁਣੇ ’ਚ 25 ਗੱਡੀਆਂ ਆਪਸ ’ਚ ਟਕਰਾਈਆਂ, 9 ਦੀ ਮੌਤ
Thursday, Nov 13, 2025 - 11:53 PM (IST)
ਪੁਣੇ- ਪੁਣੇ ਦੇ ਬਾਹਰੀ ਇਲਾਕੇ ’ਚ ਨਵਲੇ ਪੁਲ ਨੇੜੇ ਵੀਰਵਾਰ ਸ਼ਾਮ ਨੂੰ ਇਕ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ 20 ਤੋਂ 25 ਗੱਡੀਆਂ ਇਕ-ਦੂਜੇ ਨਾਲ ਟਕਰਾਅ ਗਈਆਂ। ਟਰੱਕ ਸਭ ਤੋਂ ਪਹਿਲਾਂ ਇਕ ਕਾਰ ਨਾਲ ਟਕਰਾਇਆ। ਕਾਰ ਅੱਗੇ ਜਾ ਰਹੇ ਇਕ ਕੰਟੇਨਰ ਨਾਲ ਟਕਰਾਅ ਗਈ ਅਤੇ ਉਸ ’ਚ ਅੱਗ ਲੱਗ ਗਈ। ਟਰੱਕ ਵੀ ਸੜ ਗਿਆ। ਹਾਦਸੇ ਵਿਚ ਕਾਰ ਸਵਾਰ 5 ਲੋਕ ਜ਼ਿੰਦਾ ਸੜ ਗਏ। ਉਥੇ ਹੀ ਟਰੱਕ ਡਰਾਈਵਰ ਸਮੇਤ 4 ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਹਾਦਸੇ ’ਚ ਲੱਗਭਗ 20 ਲੋਕ ਜ਼ਖਮੀ ਵੀ ਹੋਏ ਹਨ।
ਪੁਲਸ ਅਨੁਸਾਰ ਹਾਦਸਾ ਪੁਣੇ-ਨਾਸਿਕ ਹਾਈਵੇਅ ’ਤੇ ਭੋਰਗਾਓਂ ਨੇੜੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਕੰਟੇਨਰ ਅਤੇ ਟਰੱਕ ਵਿਚਾਲੇ ਫਸ ਗਈ ਅਤੇ ਉਸ ’ਚ ਅੱਗ ਲੱਗ ਗਈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਹਾਈਵੇਅ ’ਤੇ ਲੱਗਭਗ ਇਕ ਘੰਟੇ ਤੱਕ ਆਵਾਜਾਈ ਠੱਪ ਰਹੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਹਾਦਸੇ ਵਿਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
