ਤੇਜ਼ੀ ਨਾਲ ਵਧੀ ਤਿੰਨ ਤਲਾਕ ਨਾਲ ਜੁੜੇ ਮੁਕੱਦਮਿਆਂ ਦੀ ਗਿਣਤੀ
Tuesday, Aug 27, 2019 - 06:00 PM (IST)

ਲਖਨਊ— ਤਿੰਨ ਤਲਾਕ ਵਿਰੋਧੀ ਕਾਨੂੰਨ ਬਣਨ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਤਲਾਕ ਨਾਲ ਜੁੜੇ ਮੁਕੱਦਮਿਆਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪ੍ਰਦੇਸ਼ ਪੁਲਸ ਦੇ ਇਕ ਉੱਚ ਅਹੁਦਾ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਇਕ ਅਗਸਤ ਨੂੰ ਤਿੰਨ ਤਲਾਕ ਵਿਰੋਧੀ ਕਾਨੂੰਨ ਬਣਨ ਦੇ ਬਾਅਦ ਤੋਂ ਸੂਬੇ ’ਚ ਵੱਡੀ ਗਿਣਤੀ ’ਚ ਤਿੰਨ ਤਲਾਕ ਪੀੜਤ ਔਰਤਾਂ ਆਪਣੇ ਪਤੀਆਂ ਵਿਰੁੱਧ ਮੁਕੱਦਮਾ ਦਰਜ ਕਰਵਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਦੇਸ਼ ’ਚ 21 ਅਗਸਤ ਤੱਕ ਤਲਾਕ-ਏ-ਬਿੱਦਤ ਦੇ 216 ਮਾਮਲੇ ਦਰਜ ਕੀਤੇ ਜਾ ਚੁਕੇ ਹਨ। ਇਨ੍ਹਾਂ ’ਚ ਸਭ ਤੋਂ ਵਧ 26 ਮੁਕੱਦਮੇ ਮੇਰਠ ’ਚ, ਸਹਾਰਨਪੁਰ ’ਚ 17 ਅਤੇ ਸ਼ਾਮਲੀ ’ਚ 10 ਮੁਕੱਦਮੇ ਦਰਜ ਕੀਤੇ ਗਏ ਹਨ। ਇਨ੍ਹਾਂ ਜ਼ਿਲਿਆਂ ’ਚ ਮੁਸਲਮਾਨਾਂ ਦੀ ਜ਼ਿਆਦਾ ਆਬਾਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪੂਰਬੀ ਉੱਤਰ ਪ੍ਰਦੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਚੋਣ ਖੇਤਰ ਵਾਰਾਣਸੀ ’ਚ ਤਿੰਨ ਤਲਾਕ ਦੇ 10 ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਦਰਜ ਮੁਕੱਦਮਿਆਂ ਅਨੁਸਾਰ ਤਿੰਨ ਤਲਾਕ ਦੇ ਜ਼ਿਆਦਾਤਰ ਮਾਮਲੇ ਦਾਜ, ਜਾਇਦਾਦ ਦੇ ਵਿਵਾਦ ਅਤੇ ਘਰੇਲੂ ਹਿੰਸਾ ਕਾਰਨ ਹੋਏ ਹਨ।
ਹਾਲਾਂਕਿ 216 ’ਚੋਂ 2-3 ਮਾਮਲਿਆਂ ਨੂੰ ਛੱਡ ਕੇ ਕਿਸੇ ’ਚ ਵੀ ਗਿ੍ਰਫਤਾਰੀ ਨਹੀਂ ਹੋਈ ਹੈ। ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਓਮ ਪ੍ਰਕਾਸ਼ ਸਿੰਘ ਨੇ ਦੱਸਿਆ,‘‘ਤਿੰਨ ਤਲਾਕ ਵਿਰੋਧੀ ਕਾਨੂੰਨ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਅਸੀਂ ਇਸ ਦੇ ਦੋਸ਼ੀਆਂ ਦੀ ਗਿ੍ਰਫਤਾਰੀ ਦੀਆਂ ਸੰਭਾਵਨਾਵਾਂ ਲੱਭ ਰਹੇ ਹਾਂ। ਇਸ ਲਈ ਕਈ ਤਕਨੀਕੀ ਪਹਿਲੂਆਂ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਨੇ ਦੱਸਿਆ ਕਿ ਪੁਲਸ ਬਹੁਤ ਜਲਦੀ ਮੁਸਲਿਮ ਔਰਤਾਂ ਨੂੰ ਨਿਆਂ ਦਿਵਾਉਣ ਲਈ ਮੁਕੱਦਮੇ ਦਰਜ ਹੋਣ ਨਾਲ ਪੈਣ ਵਾਲੇ ਪ੍ਰਭਾਵ ਦਾ ਵਿਸ਼ਲੇਸ਼ਣ (ਇੰਪੈਕਟ ਐਨਾਲਿਸਿਸ) ਕਰੇਗੀ।
ਫੋਨ ’ਤੇ ਦਿੱਤਾ ਤਿੰਨ ਤਲਾਕ
ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਬਦਾਊਂ ਦੇ ਅਲਾਪੁਰ ਖੇਤਰ ’ਚ ਸਾਹਮਣੇ ਆਇਆ ਹੈ। ਇੱਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਫੋਨ ’ਤੇ 3 ਤਲਾਕ ਦੇ ਦਿੱਤਾ। ਤਕਸੀਨ ਨਾਮੀ ਉਕਤ ਔਰਤ ਦਾ ਵਿਆਹ 20 ਸਾਲ ਪਹਿਲਾਂ ਆਪਣੀ ਹੀ ਪਿੰਡ ਦੇ ਤਾਲਿਬ ਨਾਲ ਹੋਇਆ ਸੀ। ਦੋਹਾਂ ਦੇ 2 ਬੇਟੇ ਅਤੇ 2 ਬੇਟੀਆਂ ਹਨ। ਪਤੀ ਹਮੇਸ਼ਾ ਹੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ। ਘਰ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ। ਮੰਗਲਵਾਰ ਸਵੇਰੇ ਤਾਲਿਬ ਨੇ ਤਕਸੀਨ ਨੂੰ ਫੋਨ ’ਤੇ 3 ਵਾਰ ਤਲਾਕ ਕਹਿ ਕੇ ਵਿਆਹੁਤਾ ਸੰਬੰਧ ਖਤਮ ਕਰ ਦਿੱਤੇ।