ਹੁਣ ਦੇਸ਼ ’ਚ ਹੀ ਬਣਨਗੇ ਟਰਾਂਸਪੋਰਟ ਜਹਾਜ਼, PM ਨੇ ਵਡੋਦਰਾ ’ਚ ਰੱਖਿਆ ਨੀਂਹ ਪੱਥਰ

Monday, Oct 31, 2022 - 01:30 PM (IST)

ਹੁਣ ਦੇਸ਼ ’ਚ ਹੀ ਬਣਨਗੇ ਟਰਾਂਸਪੋਰਟ ਜਹਾਜ਼, PM ਨੇ ਵਡੋਦਰਾ ’ਚ ਰੱਖਿਆ ਨੀਂਹ ਪੱਥਰ

ਵਡੋਦਰਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਗੁਜਰਾਤ ਦੇ ਵਡੋਦਰਾ ਵਿਚ ਭਾਰਤੀ ਹਵਾਈ ਫੌਜ ਲਈ ‘ਸੀ-295’ ਟਰਾਂਸਪੋਰਟ ਜਹਾਜ਼ਾਂ ਦੇ ਨਿਰਮਾਣ ਲਈ ਇਕ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਜਹਾਜ਼ਾਂ ਦਾ ਉਤਪਾਦਨ ਟਾਟਾ ਸਮੂਹ ਅਤੇ ‘ਏਅਰਬੱਸ’ ਦੇ ਸਹਿਯੋਗ ਨਾਲ ਹੋਵੇਗਾ। ਇਹ ਦੇਸ਼ ’ਚ ਆਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਹੈ, ਜਿਸ ਵਿਚ ਇਕ ਨਿੱਜੀ ਕੰਪਨੀ ਵਲੋਂ ਇਕ ਫੌਜੀ ਜਹਾਜ਼ ਦਾ ਨਿਰਮਾਣ ਕੀਤਾ ਜਾਵੇਗਾ।

ਇਸ ਪਲਾਂਟ ’ਚ ਬਣੇ ਮੀਡੀਅਮ ਟਰਾਂਸਪੋਰਟ ਹਵਾਈ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਨੂੰ ਸਪਲਾਈ ਕੀਤਾ ਜਾਵੇਗਾ। ਇਨ੍ਹਾਂ ਜਹਾਜ਼ਾਂ ਨੂੰ ਵਿਦੇਸ਼ੀ ਬਾਜ਼ਾਰਾਂ ਵਿਚ ਵੀ ਭੇਜਿਆ ਜਾਵੇਗਾ। ਭਾਰਤੀ ਹਵਾਈ ਫੌਜ ਵਲੋਂ ਪ੍ਰਾਪਤ ਸਾਰੇ ‘ਸੀ-295’ ਜਹਾਜ਼ ਇਕ ਸਵਦੇਸ਼ੀ ਇਲੈਕਟ੍ਰਾਨਿਕ ਜੰਗੀ ਪ੍ਰਣਾਲੀ ਨਾਲ ਲੈਸ ਹੋਣਗੇ ਜਿਸ ਨੂੰ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਅਤੇ ਭਾਰਤ ਡਾਇਨਾਮਿਕਸ ਲਿਮਟਿਡ ਵਲੋਂ ਸਾਂਝੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ। ‘ਏਅਰਬੱਸ’ ਦਾ ਇਹ ਮੀਡੀਅਮ ਟਰਾਂਸਪੋਰਟ ਜਹਾਜ਼ ਪਹਿਲੀ ਵਾਰ ਯੂਰਪ ਤੋਂ ਬਾਹਰ ਕਿਸੇ ਦੇਸ਼ ’ਚ ਬਣਾਇਆ ਜਾਵੇਗਾ।

ਇਸ ਸਮਝੌਤੇ ਅਧੀਨ ਕੁੱਲ 56 ‘ਸੀ-295’ ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਵਿਚੋਂ ‘ਏਅਰਬੱਸ’ ਵਲੋਂ 16 ਜਹਾਜ਼ਾਂ ਦਾ ਨਿਰਮਾਨ ਸਪੇਨ ਦੇ ਸੇਵਿਲ ’ਚ ਆਪਣੀ ਅਸੈਂਬਲੀ ਯੂਨਿਟ ’ਚ ਕੀਤਾ ਜਾਏਗਾ। 4 ਸਾਲ ਅੰਦਰ ਇਹ ਭਾਰਤ ਨੂੰ ਸੌਂਪੇ ਜਾਣਗੇ। ਬਾਕੀ 40 ਜਹਾਜ਼ ਭਾਰਤ ਵਿਚ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਦੇ ਸਹਿਯੋਗ ਨਾਲ ਬਣਾਏ ਜਾਣਗੇ। ਇਸ ਦੇ ਨਾਲ ਹੀ ਭਾਰਤ ਵਿਚ ਸਥਾਨਕ ਤੌਰ ’ਤੇ ਬਣਾਏ ਜਾਣ ਵਾਲੇ ਪਹਿਲੇ ‘ਸੀ-295’ ਜਹਾਜ਼ ਦੇ ਸਤੰਬਰ 2026 ਤੱਕ ਵਡੋਦਰਾ ਨਿਰਮਾਣ ਪਲਾਂਟ ਵਿਚ ਤਿਆਰ ਹੋਣ ਦੀ ਸੰਭਾਵਨਾ ਹੈ। ਬਾਕੀ 39 ਜਹਾਜ਼ਾਂ ਨੂੰ ਅਗਸਤ 2031 ਤੱਕ ਬਣਾਉਣ ਦਾ ਟੀਚਾ ਹੈ।

ਭਾਰਤੀ ਹਵਾਈ ਫੌਜ ਨੂੰ ਨਾਮਜ਼ਦ ਜਹਾਜ਼ਾਂ ਦੀ ਸਪਲਾਈ ਕਰਨ ਤੋਂ ਬਾਅਦ ‘ਏਅਰਬੱਸ’ ਨੂੰ ਪਲਾਂਟ ’ਤੇ ਬਣੇ ਜਹਾਜ਼ਾਂ ਨੂੰ ਦੂਜੇ ਦੇਸ਼ਾਂ ਦੇ ਸਿਵਲ ਏਅਰਲਾਈਨ ਆਪਰੇਟਰਾਂ ਨੂੰ ਵੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਜਹਾਜ਼ਾਂ ਨੂੰ ਦੂਜੇ ਦੇਸ਼ਾਂ ਨੂੰ ਵੇਚਣ ਤੋਂ ਪਹਿਲਾਂ ‘ਏਅਰਬੱਸ’ ਨੂੰ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਪਿਛਲੇ ਸਾਲ ਸਤੰਬਰ ਵਿਚ ਭਾਰਤ ਨੇ ਹਵਾਈ ਫੌਜ ਦੇ ਪੁਰਾਣੇ ਟਰਾਂਸਪੋਰਟ ਏਅਰਕ੍ਰਾਫਟ ਐਵਰੋ-748 ਨੂੰ ਬਦਲਣ ਲਈ ‘ਏਅਰਬੱਸ’ ਕੋਲੋਂ 56 ‘ਸੀ-295’ ਜਹਾਜ਼ ਖਰੀਦਣ ਲਈ ਪ੍ਰਮੁੱਖ ਜਹਾਜ਼ ਨਿਰਮਾਤਾ ਏਅਰਬੱਸ ਡਿਫੈਂਸ ਐਂਡ ਸਪੇਸ ਨਾਲ 21,935 ਕਰੋੜ ਰੁਪਏ ਦੇ ਇੱਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ।

‘ਸੀ-295’ ਟ੍ਰਾਂਸਪੋਰਟ ਹਵਾਈ ਜਹਾਜ਼ ਦੀਆਂ ਖੂਬੀਆਂ
ਵਡੋਦਰਾ ’ਚ ਅਜਿਹੇ ਜਹਾਜ਼ ਬਣਾਏ ਜਾਣਗੇ ਜੋ ਐਡਵਾਂਸ ਲੈਂਡਿੰਗ ਗਰਾਊਂਡ ਤੋਂ ਇਲਾਵਾ ਅੱਧੀ ਤਿਆਰ ਹਵਾਈ ਪੱਟੀ ਤੋਂ ਵੀ ਉਡਾਣ ਭਰ ਸਕਣਗੇ। ਇਨ੍ਹਾਂ ਨੂੰ ਔਖੀਆਂ ਥਾਵਾਂ ’ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਹ ਜਹਾਜ਼ 71 ਫੌਜੀਆਂ, 44 ਪੈਰਾਟਰੂਪਰਾਂ ਅਤੇ 24 ਸਟਰੈਚਰ ਨੂੰ ਲੈ ਕੇ ਜਾਣ ਦੀ ਸਮਰੱਥਾ ਨਾਲ ਲੈਸ ਹੋਣਗੇ। ਇਹ ਜਹਾਜ਼ ਸਵਦੇਸ਼ੀ ਤੌਰ ’ਤੇ ਬਣੇ ਇਲੈਕਟ੍ਰਾਨਿਕ ਜੰਗੀ ਸੂਟ ਨਾਲ ਵੀ ਲੈਸ ਹੋਣਗੇ। ਕੁਦਰਤੀ ਆਫਤ ਦੇ ਸਮੇਂ ਇਹ ਜਹਾਜ਼ ਬਹੁਤ ਫਾਇਦੇਮੰਦ ਹੋਣਗੇ। ਬਚਾਅ ਕਾਰਜ ’ਚ ਹਵਾਈ ਫੌਜ ਲਈ ਇਹ ਲਾਹੇਵੰਦ ਹੋਣਗੇ। ਜਹਾਜ਼ਾਂ ਵਿੱਚ ਸਵਦੇਸ਼ੀ ਉਪਕਰਨਾਂ ਦੀ ਵੱਧ ਤੋਂ ਵੱਧ ਵਰਤੋਂ ਹੋਵੇਗੀ। ‘ਏਅਰਬੱਸ’ ਆਪਣੇ ਵਿਦੇਸ਼ੀ ਪਲਾਂਟ ਦਾ ਲਗਭਗ 96 ਫੀਸਦੀ ਉਤਪਾਦਨ ਇੱਥੇ ਕਰੇਗਾ।

ਆਉਣ ਵਾਲੇ ਦਿਨਾਂ ’ਚ ਭਾਰਤ ’ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼ : ਮੋਦੀ
ਨੀਂਹ ਪੱਥਰ ਰੱਖਣ ਦੇ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ‘ਮੇਕ ਇਨ ਇੰਡੀਆ’ ਅਤੇ ‘ਮੇਕ ਫਾਰ ਗਲੋਬ’ ਦੇ ਮੰਤਰ ਨਾਲ ਆਪਣੀਆਂ ਸਮਰੱਥਾਵਾਂ ਨੂੰ ਵਧਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਦੁਨੀਆ ਵਿੱਚ ਯਾਤਰੀ ਜਹਾਜ਼ਾਂ ਦਾ ਸਭ ਤੋਂ ਵੱਡਾ ਨਿਰਮਾਤਾ ਹੋਵੇਗਾ। ਅੱਜ ਇਸ ਦੀ ਸ਼ੁਰੂਆਤ ਵਡੋਦਰਾ ਤੋਂ ਹੋ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੇ ਰੱਖਿਆ ਏਅਰੋਸਪੇਸ ਖੇਤਰ ਵਿੱਚ ਇੰਨਾ ਵੱਡਾ ਨਿਵੇਸ਼ ਹੋ ਰਿਹਾ ਹੈ। ਵਡੋਦਰਾ ਵਿੱਚ ਬਣਾਇਅਾ ਜਾਣ ਵਾਲਾ ਟਰਾਂਸਪੋਰਟ ਜਹਾਜ਼ ਨਾ ਸਿਰਫ਼ ਸਾਡੀ ਫੌਜ ਨੂੰ ਤਾਕਤ ਦੇਵੇਗਾ ਸਗੋਂ ਦੇਸ਼ ਵਿੱਚ ਜਹਾਜ਼ਾਂ ਲਈ ਇੱਕ ਨਵਾਂ ਈਕੋ ਸਿਸਟਮ ਵੀ ਵਿਕਸਿਤ ਕਰੇਗਾ।


author

Tanu

Content Editor

Related News