ਨਵੀਂ ਟਰਾਂਸਪੋਰਟ ਨੀਤੀ ਨਾਲ ਏਜੰਟਾਂ ਦਾ ਰਾਜ ਖਤਮ - ਲਾਲਜੀਤ ਭੁੱਲਰ

Saturday, Jul 26, 2025 - 09:57 PM (IST)

ਨਵੀਂ ਟਰਾਂਸਪੋਰਟ ਨੀਤੀ ਨਾਲ ਏਜੰਟਾਂ ਦਾ ਰਾਜ ਖਤਮ - ਲਾਲਜੀਤ ਭੁੱਲਰ

ਤਰਨ ਤਾਰਨ (ਰਮਨ) - ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਲਏ ਗਏ ਫੈਸਲੇ ਕਿਸ ਤਰ੍ਹਾਂ ਆਮ ਲੋਕਾਂ ਦੇ ਹੱਕ ਵਿਚ ਹਨ ਅਤੇ ਉਨ੍ਹਾਂ ਲਈ ਕਿੰਨੇ ਲਾਭਦਾਇਕ ਹੋਏ ਹਨ ਇਸ ਦੀ ਮਿਸਾਲ ਰਿਜਨਲ ਟਰਾਂਸਪੋਰਟ ਅਥਾਰਟੀ ਵੱਲੋਂ ਇਸ ਮਹਿਕਮੇ ਅੰਦਰ ਲੈ ਗਏ ਕ੍ਰਾਂਤੀਕਾਰੀ ਫੈਸਲੇ ਤੋਂ ਮਿਲਦੀ ਹੈ। ਮਹਿਕਮੇ ਨੇ ਟਰੈਕ ਟੈਸਟ ਪਾਸ ਕਰਨ ਦੇ ਅੱਧੇ ਘੰਟੇ ਵਿਚ ਡਰਾਈਵਿੰਗ ਲਾਇਸੈਂਸ ਦੇਣ ਦਾ ਫੈਸਲਾ ਲਿਆ ਹੈ। 

ਇਸ ਸਬੰਧੀ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਫੈਸਲੇ ਨਾਲ ਲੋਕ ਦਲਾਲ ਕਿਸਮ ਦੇ ਲੋਕਾਂ ਦੀ ਠੱਗੀ ਚੋਰੀ ਤੋਂ ਮੁਕਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦਫਤਰਾਂ ਵਿਚ ਆਧੁਨਿਕ ਕਿਸਮ ਦੇ ਕੈਮਰੇ ਲਾਏ ਜਾ ਰਹੇ ਹਨ, ਜਿਸ ਨਾਲ ਇਹ ਕਾਰਜ ਪਾਰਦਰਸ਼ੀ ਹੋ ਜਾਵੇਗਾ।ਮਤਲਬ ਕਿ ਸਹੀ ਬੰਦਾ ਹੀ ਟਰੈਕ ਟੈਸਟ ਪਾਸ ਕਰੇਗਾ ਅਤੇ ਉਸੇ ਨੂੰ ਹੀ ਲਾਇਸੈਂਸ ਮਿਲੇਗਾ, ਹੇਰਾ-ਫੇਰੀ ਖਤਮ ਹੋ ਜਾਵੇਗੀ। 

ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਲਏ ਗਏ ਫੈਸਲਿਆਂ ਵਿਚ ਭਾਵੇਂ ਸਾਰੇ ਫੈਸਲੇ ਹੀ ਇਨਕਲਾਬੀ ਹਨ ਪਰ ਟਰਾਂਸਪੋਰਟ ਵਿਭਾਗ ਦਾ ਇਹ ਨਵਾਂ ਫੈਸਲਾ ਇਤਿਹਾਸਕ ਹੈ ਕਿਉਂਕਿ ਇਸ ਨਾਲ ਲੋਕਾਂ ਦੀ ਖੱਜਲ-ਖੁਆਰੀ ਬਿਲਕੁਲ ਖਤਮ ਹੋ ਕੇ ਰਹਿ ਜਾਵੇਗੀ। ਭੁੱਲਰ ਨੇ ਕਿਹਾ ਕਿ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਚਲਦੇ ਰਹੇ ਭੂ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਨੂੰ ਖਤਮ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਪਹਿਲੇ ਆਗੂ ਸਰਕਾਰੀ ਜਾਇਦਾਦ ਵੇਚਦੇ ਰਹੇ ਪਰ ‘ਆਪ’ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ (ਸ੍ਰੀ ਗੋਇੰਦਵਾਲ ਸਾਹਿਬ) ਨੂੰ ਸਰਕਾਰ ਅਧੀਨ ਲਿਆ ਕੇ ਉਦਯੋਗਪਤੀਆਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ।
 


author

Inder Prajapati

Content Editor

Related News