ਟਰਾਈ ਚੀਫ ਦੀਆਂ ਵੱਧੀਆਂ ਮੁਸ਼ਕਲਾਂ, ਹੁਣ ਬੇਟੀ ਨੂੰ ਮਿਲੀ ਧਮਕੀ

Tuesday, Jul 31, 2018 - 04:11 AM (IST)

ਨਵੀਂ ਦਿੱਲੀ—ਆਪਣਾ ਆਧਾਰ ਨੰਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਹੈਕਰਸ ਨੂੰ ਚੁਣੌਤੀ ਦੇਣ ਵਾਲੇ ਟਰਾਈ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੂੰ ਉਨ੍ਹਾਂ ਦਾ ਚੈਲੇਂਜ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਦਰਅਸਲ ਆਰ.ਐੱਸ. ਸ਼ਰਮਾ ਦਾ ਮੋਬਾਇਲ ਨੰਬਰ, ਬੈਂਕ ਅਕਾਉਂਟ ਸਮੇਤ ਕਈ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਜਨਤਕ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੀ ਬੇਟੀ ਨੂੰ ਵੀ ਧਮਕੀ ਭਰਿਆ ਈ-ਮੇਲ ਆਇਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਆਰ.ਐੱਸ. ਸ਼ਰਮਾ ਦਾ ਈ-ਮੇਲ ਅਕਾਉਂਟ ਹੈਕ ਕਰ ਲਿਆ ਗਿਆ ਹੈ ਅਤੇ ਪੀ.ਐੱਨ.ਬੀ. ਬੈਂਕ ਦਾ ਅਕਾਉਂਟ ਹੈਕ ਹੋਣ ਦਾ ਖਤਰਾ ਹੈ।
ਈ-ਮੇਲ 'ਚ ਲਿਖਿਆ ਹੈ ਕਿ ਸੋਸ਼ਲ ਮੀਡੀਆ 'ਤੇ ਚੈਲੇਂਜ ਦੇ ਕੇ ਆਰ.ਐੱਸ. ਸ਼ਰਮਾ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ ਅਤੇ ਆਪਣੇ ਅਕਾਉਂਟ ਨੂੰ ਹੈਕ ਕਰਨ ਲਈ ਹੈਕਰਸ ਨੂੰ ਸੱਦਾ ਦੇ ਦਿੱਤਾ ਹੈ। ਈ-ਮੇਲ 'ਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਤੁਰੰਤ ਅਕਾਉਂਟ ਡਿਲੀਟ ਨਹੀਂ ਕੀਤਾ ਗਿਆ ਤਾਂ ਅਕਾਉਂਟ ਤੋਂ ਅਹਿਮ ਫਾਈਲਾਂ ਨੂੰ ਜਨਤਕ ਕੀਤਾ ਜਾ ਸਕਦਾ ਹੈ, ਅਜਿਹਾ ਨਹੀਂ ਕਰਨ 'ਤੇ ਉਨ੍ਹਾਂ ਦੇ ਸੈਲਫੋਨ 'ਚ ਮਾਲਵੇਅਰ ਇੰਸਟਾਲ ਕਰ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਜਾ ਸਕਣਗੀਆਂ। ਈ-ਮੇਲ ਦੇ ਰਾਹੀ ਫਿਰੌਤੀ ਦੀ ਮੰਗ ਵੀ ਕੀਤੀ ਗਈ ਹੈ। 
ਈ-ਮੇਲ 'ਚ ਲਿਖਿਆ ਗਿਆ ਕਿ ਅਗਲੇ 24 ਘੰਟੇ 'ਚ ਉਸ ਦੇ ਈ-ਮੇਲ ਦਾ ਜਵਾਬ ਨਹੀਂ ਦਿੱਤਾ ਗਿਆ ਤਾਂ ਅੰਜਾਮ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਨਾਲ ਹੀ ਕਾਨੂੰਨੀ ਏਜੰਸੀਆਂ ਨੂੰ ਇਸ ਦੀ ਸੂਚਨਾ ਨਹੀਂ ਦੇਣ ਨੂੰ ਕਿਹਾ ਗਿਆ ਹੈ। ਦੱਸ ਦਈਏ ਕਿ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਹਾਲ ਹੀ 'ਚ ਆਧਾਰ ਡਾਟਾ ਪ੍ਰੋਟੇਕਸ਼ਨ ਦੇ ਸੰਬੰਧ 'ਚ ਜਸਟਿਸ ਸ਼੍ਰੀਕ੍ਰਿਸ਼ਨਾ ਕਮੇਟੀ ਦੀ ਰਿਪੋਰਟ ਪੇਸ਼ ਹੇਣ ਦੇ ਬਾਅਦ ਹੋਈ ਸੀ।


Related News