ਪ੍ਰੈਸ਼ਰ ਹਾਰਨ ਤੇ ਸਾਈਲੈਂਸਰ ਵਾਲੇ ਵਾਹਨਾਂ 'ਤੇ ਲਗੇਗਾ ਜੁਰਮਾਨਾ, ਟਰੈਫਿਕ ਪੁਲਸ ਬੋਲੀ- ਦਿੱਲੀ 'ਚ ਰੌਲਾ ਨਹੀਂ
Saturday, Aug 20, 2022 - 04:34 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਟਰੈਫਿਕ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਵਾਹਨਾਂ ਵਿਚ ਪ੍ਰੈਸ਼ਰ ਹਾਰਨ ਅਤੇ ਮੋਡੀਫਾਈਡ ਸਾਈਲੈਂਸਰਾਂ ਦੀ ਵਰਤੋਂ ਕਰਨ ਵਾਲੇ ਵਾਹਨ ਮਾਲਕਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਹੈ। ਟਰੈਫਿਕ ਪੁਲਸ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਇਸ ਮੁਹਿੰਮ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਦਿੱਲੀ ਟਰੈਫਿਕ ਪੁਲਸ ਆਪਣੇ ਵਾਹਨਾਂ 'ਚ ਪ੍ਰੈਸ਼ਰ ਹਾਰਨ, ਮੋਡੀਫਾਈਡ ਸਾਈਲੈਂਸਰ ਦੀ ਵਰਤੋਂ ਕਰਨ ਵਾਲਿਆਂ 'ਤੇ ਜੁਰਮਾਨਾ ਲਗਾਏਗੀ। ਦਿੱਲੀ 'ਚ ਰੌਲਾ ਨਹੀਂ।'' ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਵੀ ਪੁਲਸ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੀ ਸੀ ਪਰ ਹੁਣ ਉਨ੍ਹਾਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ।
ਅਧਿਕਾਰੀ ਨੇ ਕਿਹਾ,“ਨਿਯਮਾਂ ਦੀ ਉਲੰਘਣਾ ਕਰਕੇ ਅਤੇ ਪ੍ਰੈਸ਼ਰ ਹਾਰਨ ਅਤੇ ਮੋਡੀਫਾਈਡ ਸਾਈਲੈਂਸਰਾਂ ਦੀ ਵਰਤੋਂ ਕਰਕੇ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਦਾ ਚਾਲਾਨ ਕੱਟਿਆ ਜਾਵੇਗਾ।” ਇਕ ਹੋਰ ਅਧਿਕਾਰੀ ਨੇ ਕਿਹਾ,“ਅਸੀਂ ਡਾਕਟਰਾਂ ਦੀ ਇੰਟਰਵਿਊ ਲਵਾਂਗੇ ਅਤੇ ਉਨ੍ਹਾਂ ਤੋਂ ਸ਼ੋਰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਪੁੱਛਾਂਗੇ। ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੰਟਰਵਿਊ ਦਾ ਪ੍ਰਸਾਰਣ ਕਰਾਂਗੇ ਤਾਂ ਜੋ ਉਹ ਸੋਧੇ ਹੋਏ ਸਾਈਲੈਂਸਰਾਂ ਅਤੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਬੰਦ ਕਰ ਸਕਣ।'' ਟਵਿੱਟਰ 'ਤੇ ਕਈ ਲੋਕਾਂ ਨੇ ਪੁਲਸ ਦੇ ਇਸ ਕਦਮ ਦਾ ਸੁਆਗਤ ਕੀਤਾ ਅਤੇ ਹੋਰ ਮੁੱਦਿਆਂ 'ਤੇ ਵੀ ਆਪਣੀ ਸਲਾਹ ਦਿੱਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ