ਟਰੈਕਟਰ-ਟਰਾਲੀਆਂ ਨਾਲ ਹੁਣ ਨਹੀਂ ਕਰ ਸਕੋਗੇ ਇਹ ਕੰਮ, ਹਾਈ ਕੋਰਟ ਨੇ ਜਾਰੀ ਕੀਤੇ ਹੁਕਮ
Friday, Mar 15, 2024 - 08:31 PM (IST)
ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਖੇਤੀ ਨਾਲ ਜੁੜੇ ਕੰਮ ਕਰਨ ਲਈ ਬਣਾਏ ਜਾਣ ਵਾਲੇ ਟਰੈਕਟਰ-ਟਰਾਲੀਆਂ ਦੀ ਵਰਤੋਂ ਇੱਟਾ, ਰੇਤ-ਬੱਜਰੀ ਆਦਿ ਦੀ ਢੁਆਈ ਲਈ ਕੀਤੇ ਜਾਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਹਨ। ਕੋਰਟ ਨੇ ਕਿਹਾ ਹੈ ਕਿ ਲੋੜ ਪਵੇ ਤਾਂ ਟਰਾਂਸਪੋਰਟ ਵਿਭਾਗ ਇਸ 'ਤੇ ਕਾਨੂੰਨ ਬਣਾਏ। ਇਹ ਆਦੇਸ਼ ਜੱਜ ਸ਼ੇਖਰ ਕੁਮਾਰ ਯਾਦਵ ਨੇ ਫਿਰੋਜ਼ਾਬਾਦ ਦੇ ਅਰਾਂਵ ਥਾਣਾ ਖੇਤਰ 'ਚ ਟਰੈਕਟਰ-ਟਰਾਲੀ ਨਾਲ ਦੁਰਘਟਨਾ 'ਚ ਮੌਤ ਦੇ ਦੋਸ਼ੀ ਸੰਜੇ ਦੀ ਜ਼ਮਾਨਤ ਅਰਜ਼ੀ ਰੱਦ ਕਰਦੇ ਹੋਏ ਦਿੱਤਾ ਹੈ।
ਕੋਰਟ ਨੇ ਕਿਹਾ ਕਿ ਅਣਅਧਿਕਾਰਤ ਰੂਪ ਨਾਲ ਟਰੈਕਟਰ-ਟਰਾਲੀਆਂ ਰਾਹੀਂ ਇੱਟਾ, ਰੇਤਾ-ਬੱਜਰੀ ਅਦਿ ਦੀ ਢੁਆਈ ਕੀਤੀ ਜਾ ਰਹੀ ਹੈ। ਟਰੈਕਟਰ-ਟਰਾਲੀਆਂ ਨੂੰ ਹਾਈਵੇ ਅਤੇ ਬਾਜ਼ਾਰਾਂ ਦੇ ਵਿਚ ਲਿਜਾਇਆ ਜਾ ਰਿਹਾ ਹੈ। ਟਰਾਲੀ ਕਾਫੀ ਵੱਡੀ ਹੁੰਦੀ ਹੈ, ਜਿਸ ਨਾਲ ਬਾਜ਼ਾਰਾਂ 'ਚ ਆਵਾਜਾਈ 'ਚ ਕਾਫੀ ਪਰੇਸ਼ਾਨੀ ਹੋ ਰਹੀ ਹੈ। ਇਸ ਨਾਲ ਦੁਰਘਟਨਾਵਾਂ ਵੀ ਹੁੰਦੀਆਂ ਹਨ। ਟਰਾਲੀ 'ਚ ਨਾ ਤਾਂ ਲਾਈਟ ਲੱਗੀ ਹੁੰਦੀ ਹੈ ਅਤੇ ਨਾ ਹੀ ਇੰਡੀਕੇਟਰ ਹੁੰਦਾ ਹੈ। ਰਾਤ ਦੇ ਸਮੇਂ ਪਿੱਛੋਂ ਦਿਖਾਈ ਨਾ ਦੇਣ ਕਾਰਨ ਹਮੇਸ਼ਾ ਦੁਰਘਟਨਾਵਾਂ ਹੋ ਜਾਂਦੀਆਂ ਹਨ। ਜ਼ਿਆਦਾਤਰ ਅਜਿਹੇ ਲੋਕ ਵੀ ਟਰੈਕਟਰ-ਟਰਾਲੀ ਚਲਾਉਂਦੇ ਹਨ, ਜਿਨ੍ਹਾਂ ਕੋਲ ਡਰਾਈਵਿੰਗ ਲਾਈਸੰਸ ਨਹੀਂ ਹੁੰਦਾ।
ਅਦਾਲਤ ਨੇ ਕਿਹਾ ਕਿ ਗੈਰ-ਖੇਤੀ ਕੰਮਾਂ ਲਈ ਰਜਿਸਟਰਡ ਟਰੈਕਟਰ-ਟਰਾਲੀ ਦੀ ਵਰਤੋਂ ਕਰਨਾ ਕੇਂਦਰੀ ਮੋਟਰ ਵਾਹਨ ਐਕਟ 1988 ਅਤੇ ਉੱਤਰ ਪ੍ਰਦੇਸ਼ ਮੋਟਰ ਵਾਹਨ ਟੈਕਸ ਕਾਨੂੰਨ 1998 ਦੀ ਉਲੰਘਣਾ ਹੈ। ਟਰਾਂਸਪੋਰਟ ਵਿਭਾਗ ਤੋਂ ਅਣਅਧਿਕਾਰਤ ਟਰੈਕਟਰ-ਟਰਾਲੀਆਂ 'ਤੇ ਨੱਥ ਪਾਉਣ ਦੀ ਉਮੀਦ ਹੈ। ਜੇਕਰ ਕਾਨੂੰਨ ਬਣਾਉਣਾ ਹੈ ਤਾਂ ਇਸ ਬਾਰੇ ਵਿਚਾਰ ਕਰੋ।