ਦਾਰਜੀਲਿੰਗ ਦੀਆਂ ਪਹਾੜੀਆਂ ’ਚ ‘ਟੁਆਏ ਟਰੇਨ’ ਦਾ ਇੰਜਣ ਲੀਹੋਂ ਲੱਥਿਆ
Saturday, Apr 26, 2025 - 10:21 AM (IST)

ਸਿਲੀਗੁੜੀ- ਦਾਰਜੀਲਿੰਗ ਜ਼ਿਲੇ ਦੇ ਸੁਕਨਾ ਨੇੜੇ ਸ਼ੁੱਕਰਵਾਰ ਨੂੰ ਦਾਰਜੀਲਿੰਗ ਹਿਮਾਲੀਅਨ ਰੇਲਵੇ ‘ਟੁਆਏ ਟਰੇਨ’ ਦਾ ਇੰਜਣ ਲੀਹੋਂ ਲੱਥ ਗਿਆ। ਰੇਲਵੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇੰਜਣ ਨਿਊ ਜਲਪਾਈਗੁੜੀ ਤੋਂ ਕੁਰਸੀਯਾਂਗ ਜਾ ਰਿਹਾ ਸੀ ਤਾਂ ਸੁਕਨਾ ਨੇੜੇ ਇਹ ਅਚਾਨਕ ਪਟੜੀ ਤੋਂ ਉਤਰ ਗਿਆ ਅਤੇ ਨਾਲ ਲੰਘਦੀ ਸੜਕ 'ਤੇ ਜਾ ਡਿੱਗੀ।
ਡਰਾਈਵਰ ਜਾਂ ਉਸ ਦੇ ਸਹਾਇਕ ਨੂੰ ਕਿਸੇ ਤਰ੍ਹਾਂ ਦੀ ਸੱਟ ਲੱਗਣ ਦੀ ਕੋਈ ਸੂਚਨਾ ਨਹੀਂ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇੰਜਣ ਦੇ ਲੀਹੋਂ ਲੱਥਣ ਦੇ ਪਿੱਛੇ ਬ੍ਰੇਕ ਫੇਲ ਹੋਣਾ ਹੋ ਸਕਦਾ ਹੈ ਪਰ ਅਸਲ ਕਾਰਨ ਦਾ ਖੁਲਾਸਾ ਸਿਰਫ਼ ਜਾਂਚ ਤੋਂ ਹੀ ਹੋਵੇਗਾ।
ਸੀਨੀਅਰ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਇੰਜਣ ਨੂੰ ਫਿਰ ਤੋਂ ਪਟੜੀ 'ਤੇ ਲਿਆਉਣ ਦਾ ਕੰਮ ਜਾਰੀ ਹੈ। ਦਾਰਜੀਲਿੰਗ ਹਿਮਾਲੀਅਨ ਟੁਆਏ ਟਰੇਨ ਪਹਾੜੀਆਂ ਵਿਚ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਹੈ। ਇਸ ਨੂੰ 2 ਦਸੰਬਰ 1999 ਨੂੰ ਯੂਨੈਸਕੋ ਵਲੋਂ ਵਰਲਡ ਹੈਰੀਟੇਜ਼ ਸਾਈਟ ਐਲਾਨ ਕੀਤਾ ਗਿਆ ਸੀ।