ਭਲਕੇ ਹੋਵੇਗਾ ਦੁਨੀਆ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਦਾ ਉਦਘਾਟਨ, ਜਾਣੋ ਇਸ ਦੀ ਖ਼ਾਸੀਅਤ

10/28/2022 6:11:49 PM

ਜੈਪੁਰ (ਭਾਸ਼ਾ)- ਰਾਜਸਥਾਨ 'ਚ ਰਾਜਸਮੰਦ ਜ਼ਿਲ੍ਹੇ ਦੇ ਨਾਥਦੁਆਰਾ ਸ਼ਹਿਰ 'ਚ ਬਣੀ 369 ਫੁੱਟ ਉੱਚੀ ਸ਼ਿਵ ਮੂਰਤੀ ‘ਵਿਸ਼ਵਾਸ ਸਵਰੂਪਮ’ ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵਾਨ ਸ਼ਿਵ ਦੀ ਧਿਆਨ ਮੁਦਰਾ ਵਾਲੀ ਇਹ ਮੂਰਤੀ ਦੁਨੀਆ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਹੈ। ਉਦਘਾਟਨ ਸਮਾਰੋਹ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਥਾਵਾਚਕ ਮੁਰਾਰੀ ਬਾਪੂ, ਯੋਗ ਗੁਰੂ ਬਾਬਾ ਰਾਮਦੇਵ, ਵਿਧਾਨ ਸਭਾ ਦੇ ਸਪੀਕਰ ਡਾ. ਸੀ.ਪੀ. ਜੋਸ਼ੀ ਵੀ ਮੌਜੂਦ ਰਹਿਣਗੇ। ਇਹ ਮੂਰਤੀ ਤੱਤ ਪਦਮ ਸੰਸਥਾ ਵੱਲੋਂ ਬਣਾਈ ਗਈ ਹੈ। ਸੰਸਥਾ ਦੇ ਟਰੱਸਟੀ ਅਤੇ ਮਿਰਾਜ ਸਮੂਹ ਦੇ ਚੇਅਰਮੈਨ ਮਦਨ ਪਾਲੀਵਾਲ ਨੇ ਕਿਹਾ ਕਿ ਮੂਰਤੀ ਦੇ ਉਦਘਾਟਨ ਤੋਂ ਬਾਅਦ 29 ਅਕਤੂਬਰ ਤੋਂ 6 ਨਵੰਬਰ ਤੱਕ 9 ਦਿਨਾਂ ਤੱਕ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਇਸ ਦੌਰਾਨ ਮੁਰਾਰੀ ਬਾਪੂ ਕਥਾ ਦਾ ਪਾਠ ਵੀ ਕਰਨਗੇ। 

ਇਹ ਵੀ ਪੜ੍ਹੋ : ਭਾਜਪਾ ਨੇਤਾ ਦੀ ਮੰਗ, ਭਾਰਤੀ ਕਰੰਸੀ 'ਤੇ ਲਾਈ ਜਾਵੇ PM ਮੋਦੀ ਤੇ ਵੀਰ ਸਾਵਰਕਰ ਦੀ ਤਸਵੀਰ

ਬਣਾਉਣ 'ਚ ਲੱਗੇ 10 ਸਾਲ

ਪ੍ਰੋਗਰਾਮ ਦੇ ਬੁਲਾਰੇ ਜੈਪ੍ਰਕਾਸ਼ ਮਾਲੀ ਨੇ ਦੱਸਿਆ ਕਿ ਨਾਥਦੁਆਰਾ ਦੀ ਗਣੇਸ਼ ਟੇਕਰੀ 'ਤੇ 51 ਵੀਘੇ ਦੀ ਪਹਾੜੀ 'ਤੇ ਬਣੀ ਇਸ ਮੂਰਤੀ 'ਚ ਭਗਵਾਨ ਸ਼ਿਵ ਧਿਆਨ ਮੁਦਰਾ 'ਚ ਹਨ। ਮਾਲੀ ਨੇ ਦਾਅਵਾ ਕੀਤਾ,''ਦੁਨੀਆ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਦੀ ਆਪਣੀ ਵੱਖਰੀ ਵਿਸ਼ੇਸ਼ਤਾ ਹੈ। ਇਹ 369 ਫੁੱਟ ਉੱਚੀ ਮੂਰਤੀ ਦੁਨੀਆ ਦੀ ਇਕਲੌਤੀ ਅਜਿਹੀ ਮੂਰਤੀ ਹੋਵੇਗੀ, ਜਿਸ 'ਚ ਸ਼ਰਧਾਲੂਆਂ ਲਈ ਲਿਫ਼ਟ, ਪੌੜੀਆਂ, ਹਾਲ ਬਣਾਏ ਗਏ ਹਨ। ਮੂਰਤੀ ਦੇ ਨਿਰਮਾਣ 'ਚ 10 ਸਾਲ ਲੱਗੇ ਅਤੇ ਇਸ 'ਚ 3000 ਟਨ ਸਟੀਲ ਅਤੇ ਲੋਹਾ, 2.5 ਲੱਖ ਕਿਊਬਿਕ ਟਨ ਕੰਕਰੀਟ ਅਤੇ ਰੇਤ ਦੀ ਵਰਤੋਂ ਕੀਤੀ ਗਈ।” ਇਸ ਪ੍ਰਾਜੈਕਟ ਦੀ ਨੀਂਹ ਅਗਸਤ 2012 'ਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਮੁਰਾਰੀ ਬਾਪੂ ਦੀ ਮੌਜੂਦਗੀ 'ਚ ਰੱਖੀ ਗਈ ਸੀ। ਇਹ ਸਥਾਨ ਉਦੈਪੁਰ ਸ਼ਹਿਰ ਤੋਂ ਲਗਭਗ 45 ਕਿਲੋਮੀਟਰ ਦੂਰ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News