ਕਿਸਾਨੀ ਘੋਲ ਦਾ 38ਵਾਂ ਦਿਨ, ਅੱਜ ਕਿਸਾਨ ਆਗੂ ਕਰਨਗੇ ਪ੍ਰੈੱਸ ਕਾਨਫਰੰਸ

01/02/2021 11:15:08 AM

ਨਵੀਂ ਦਿੱਲੀ— ਦਿੱਲੀ ਦੀਆਂ ਬਰੂਹਾਂ ਦੇ ਕਿਸਾਨ ਹੱਕਾਂ ਦੀ ਲੜਾਈ ਲਈ ਡਟੇ ਹੋਏ ਹਨ। ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨ ਅੰਦੋਲਨ ਦਾ 38ਵਾਂ ਦਿਨ ਹੈ। ਸਿੰਘੂ ਸਰਹੱਦ, ਟਿਕਰੀ ਸਰਹੱਦ ’ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਅਤੇ ਕੇਂਦਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ’ਚ ਪੂਰਾ ਹੱਲ ਤਾਂ ਨਹੀਂ ਨਿਕਲਿਆ ਪਰ ਵਿਵਾਦ ਦੇ ਦੋ ਮੁੱਦਿਆਂ ’ਤੇ ਸਹਿਮਤੀ ਬਣ ਗਈ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਹੁਣ 4 ਜਨਵਰੀ 2021 ਨੂੰ ਅਗਲੀ ਬੈਠਕ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਿਨ ਗਤੀਰੋਧ ਖ਼ਤਮ ਹੋ ਸਕਦਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ 4 ਜਨਵਰੀ ਨੂੰ ਸਕਾਰਾਤਮਕ ਨਤੀਜੇ ਆਉਣਗੇ।

ਇਹ ਵੀ ਪੜ੍ਹੋ : ਕਿਸਾਨ ਆਗੂ ਬੋਲੇ- 4 ਜਨਵਰੀ ਨੂੰ ਕੋਈ ਹੱਲ ਨਾ ਨਿਕਲਿਆ ਤਾਂ ਹੋਰ ਤੇਜ਼ ਹੋਵੇਗਾ ਸੰਘਰਸ਼

ਕਿਸਾਨ ਅੰਦੋਲਨ ਦਰਮਿਆਨ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈੱਸ ਕਾਨਫਰੰਸ ਹੋਵੇਗੀ। ਦੁਪਹਿਰ ਕਰੀਬ 12.30 ਵਜੇ ਦਿੱਲੀ ਪ੍ਰੈੱਸ ਕਲੱਬ ’ਚ ਇਹ ਪ੍ਰੈੱਸ ਕਾਨਫਰੰਸ ਹੋਵੇਗੀ। ਇਸ ਪ੍ਰੈੱਸ ਕਾਨਫਰੰਸ ’ਚ ਕੇਂਦਰ ਸਰਕਾਰ ਨਾਲ 4 ਜਨਵਰੀ ਨੂੰ ਹੋਣ ਜਾ ਰਹੀ ਗੱਲਬਾਤ ’ਚ ਕੀ ਰਣਨੀਤੀ ਹੋਵੇਗੀ, ਇਸ ਬਾਰੇ ਕਿਸਾਨ ਆਗੂਆਂ ਵਲੋਂ ਦੱਸਿਆ ਜਾਵੇਗਾ। ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਨੇ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਦੱਸਣਯੋਗ ਹੈ ਕਿ ਕੱਲ੍ਹ ਵੀ 80 ਕਿਸਾਨ ਜਥੇਬੰਦੀਆਂ ਨੇ ਸਿੰਘੂ ਸਰਹੱਦ ’ਤੇ ਬੈਠਕ ਕੀਤੀ ਸੀ। ਇਸ ਬੈਠਕ ਮਗਰੋਂ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਜੇਕਰ 4 ਜਨਵਰੀ ਨੂੰ ਹੋਣ ਵਾਲੀ ਬੈਠਕ ’ਚ ਕੋਈ ਹੱਲ ਨਾ ਨਿਕਲਿਆ ਤਾਂ 6 ਜਨਵਰੀ ਨੂੰ ਟਰੈਕਟਰ ਰੈਲੀ ਕੱਢਣਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਨੇ ਦੱਸੀ ਅੱਗੇ ਦੀ ਰਣਨੀਤੀ, ਬੋਲੇ- ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਹੋਈ ਗੱਲਬਾਤ 'ਚ ਸਰਕਾਰ ਨੇ ਬਿਜਲੀ ਬਿੱਲ 'ਚ ਵਾਧੇ ਅਤੇ ਪਰਾਲੀ ਸਾੜਨ 'ਤੇ ਜੁਰਮਾਨਾ ਲਗਾਉਣ ਨਾਲ ਜੁੜੀਆਂ ਚਿੰਤਾਵਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਹਾਲਾਂਕਿ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਕਾਨੂੰਨੀ ਦਾਇਰੇ 'ਚ ਲਿਆਉਣ ਦੀ ਉਨ੍ਹਾਂ ਦੀ ਮੁੱਖ ਮੰਗ 'ਤੇ ਕੁਝ ਫ਼ੈਸਲਾ ਨਹੀਂ ਹੋ ਸਕਿਆ। ਹੁਣ 4 ਜਨਵਰੀ 2021 ਨੂੰ ਮੁੜ ਤੋਂ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੁੱਖ ਮੰਗਾਂ ਨੂੰ ਲੈ ਕੇ ਚਰਚਾ ਹੋਵੇਗੀ।

 


Tanu

Content Editor

Related News