ਮਮਤਾ ਬੈਨਰਜੀ ’ਤੇ ਹਮਲੇ ਦੇ ਵਿਰੋਧ ’ਚ ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਕੀਤਾ ਪ੍ਰਦਰਸ਼ਨ

03/11/2021 5:07:50 PM

ਕੋਲਕਾਤਾ— ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਪਾਰਟੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਹੋਏ ਹਮਲੇ ਦੇ ਵਿਰੋਧ ’ਚ ਵੀਰਵਾਰ ਨੂੰ ਸੂਬੇ ਭਰ ’ਚ ਪ੍ਰਦਰਸ਼ਨ ਕੀਤੇ। ਵਰਕਰਾਂ ਨੇ ਕੋਲਕਾਤਾ, ਉੱਤਰੀ 24 ਪਰਗਨਾ, ਹੁਗਲੀ, ਹਾਵੜਾ, ਬੀਰਭੂਮ, ਦੱਖਣੀ 24 ਪਰਗਨਾ ਅਤੇ ਜਲਪਾਈਗੁੜੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਕੀਤੇ। 

ਇਸ ਦੌਰਾਨ ਪਾਰਟੀ ਵਰਕਰਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬੈਨਰਜੀ ਖ਼ਿਲਾਫ਼ ਸਾਜਿਸ਼ ਰਚਣ ਦੇ ਦੋਸ਼ ਲਾਏ। ਸੱਤਾਧਾਰੀ ਪਾਰਟੀ ਦੇ ਵਰਕਰ ਸੜਕਾਂ ’ਤੇ ਉਤਰ ਆਏ ਅਤੇ ਉਨ੍ਹਾਂ ਨੇ ਟਾਇਰ ਸਾੜੇ। ਪਾਰਟੀ ਵਰਕਰਾਂ ਅਤੇ ਭਾਜਪਾ ਦੇ ਵਰਕਰਾਂ ਦੇ ਇਕ ਸਮੂਹ ਵਿਚਾਲੇ ਸਵੇਰੇ ਬਿਰੂਲੀਆ ਇਲਾਕੇ ਵਿਚ ਝੜਪ ਹੋਈ ਪਰ ਸਥਿਤੀ ਨੂੰ ਤੁਰੰਤ ਕਾਬੂ ਵਿਚ ਕਰ ਲਿਆ ਗਿਆ।

ਬੈਨਰਜੀ ਦੇ ਛੇਤੀ ਸਿਹਤਮੰਦ ਹੋਣ ਲਈ ਨੰਦੀਗ੍ਰਾਮ ਦੇ ਪੀਰਬਾਬਾ ਮਜਾਰ ਵਿਚ ਅਤੇ ਮੰਦਰਾਂ ’ਚ ਵਰਕਰਾਂ ਨੇ ਪ੍ਰਾਰਥਨਾ ਕੀਤੀ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਨੰਦੀਗ੍ਰਾਮ ਵਿਚ ਚੋਣ ਪ੍ਰਚਾਰ ਦੌਰਾਨ 4-5 ਲੋਕਾਂ ਨੇ ਉਨ੍ਹਾਂ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਗਈ ਅਤੇ ਉਨ੍ਹਾਂ ਦੇ ਖੱਬੇ ਪੈਰ, ਮੋਢੇ ਅਤੇ ਗਲੇ ’ਤੇ ਸੱਟਾਂ ਲੱਗੀਆਂ ਹਨ।


Tanu

Content Editor

Related News