TMC ਦਾ ਨਾਂ ਤੇ ਚੋਣ ਨਿਸ਼ਾਨ ਫ੍ਰੀਜ਼, ਚੋਣ ਕਮਿਸ਼ਨ ਨੇ ਮੰਗੇ 3-3 ਵਿਕਲਪ
Thursday, Sep 17, 2026 - 10:43 PM (IST)
ਨਵੀਂ ਦਿੱਲੀ : ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (TMC) ਦੇ ਨਾਂ ਅਤੇ ਚੋਣ ਨਿਸ਼ਾਨ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਭਾਰਤ ਦੇ ਚੋਣ ਕਮਿਸ਼ਨ ਨੇ ਇੱਕ ਅੰਤਰਿਮ ਹੁਕਮ ਜਾਰੀ ਕੀਤਾ ਹੈ। ਕਮਿਸ਼ਨ ਨੇ ਮਮਤਾ ਬੈਨਰਜੀ ਅਤੇ ਰਿਤਬਰਤ ਬੈਨਰਜੀ ਦੀ ਅਗਵਾਈ ਵਾਲੇ ਦੋਵਾਂ ਧੜਿਆਂ ਨੂੰ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਪਾਰਟੀ ਦਾ ਨਾਂ 'ਆਲ ਇੰਡੀਆ ਤ੍ਰਿਣਮੂਲ ਕਾਂਗਰਸ' ਅਤੇ ਮੌਜੂਦਾ ਆਰਕਸ਼ਿਤ ਚੋਣ ਨਿਸ਼ਾਨ 'ਦੋ ਫੁੱਲ ਅਤੇ ਘਾਹ' ਵਰਤਣ ਤੋਂ ਰੋਕ ਦਿੱਤਾ ਹੈ।
ਚੋਣ ਕਮਿਸ਼ਨ ਨੇ ਦੋਵਾਂ ਧੜਿਆਂ ਨੂੰ 18 ਸਤੰਬਰ 2026 ਦੀ ਸਵੇਰ 11 ਵਜੇ ਤੱਕ ਆਪਣੇ-ਆਪਣੇ ਗਰੁੱਪ ਲਈ ਤਿੰਨ-ਤਿੰਨ ਨਵੇਂ ਨਾਂਅ ਅਤੇ ਫ੍ਰੀ ਸੂਚੀ ਵਿੱਚੋਂ ਤਿੰਨ-ਤਿੰਨ ਚੋਣ ਨਿਸ਼ਾਨਾਂ ਦੇ ਵਿਕਲਪ ਪਸੰਦ ਦੇ ਕ੍ਰਮ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਅੰਤਰਿਮ ਵਿਵਸਥਾ ਪੱਛਮੀ ਬੰਗਾਲ ਦੀਆਂ ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ ਸੀਟਾਂ 'ਤੇ 6 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਲਾਗੂ ਰਹੇਗੀ। ਇਸ ਆਦੇਸ਼ 'ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਵਿਵੇਕ ਜੋਸ਼ੀ ਅਤੇ ਡਾ. ਸੁਖਬੀਰ ਸਿੰਘ ਸੰਧੂ ਦੇ ਦਸਤਖਤ ਹਨ।
ਚੋਣ ਕਮਿਸ਼ਨ ਨੇ ਵੀਰਵਾਰ ਨੂੰ ਦੋਵਾਂ ਧੜਿਆਂ ਦੀਆਂ ਦਲੀਲਾਂ ਵੱਖ-ਵੱਖ ਸੁਣੀਆਂ। ਰਿਤਬਰਤ ਬੈਨਰਜੀ ਦੀ ਅਗਵਾਈ ਵਾਲੇ ਪ੍ਰਤੀਨਿਧ ਮੰਡਲ ਵਿੱਚ ਚੰਦ੍ਰਿਮਾ ਭੱਟਾਚਾਰੀਆ, ਅਕਰੁਲ ਜ਼ਮਾਨ, ਅਰੂਪ ਰੌਏ ਅਤੇ ਵਕੀਲ ਸ਼ਾਮਲ ਸਨ। ਉਨ੍ਹਾਂ ਨੇ ਕਮਿਸ਼ਨ ਤੋਂ ਜਲਦ ਫੈਸਲਾ ਲੈਣ ਦੀ ਮੰਗ ਕੀਤੀ। ਮਮਤਾ ਬੈਨਰਜੀ ਵਾਲੇ ਧੜੇ ਵੱਲੋਂ ਡੇਰੇਕ ਓ'ਬ੍ਰਾਇਨ, ਕਲਿਆਣ ਬੈਨਰਜੀ, ਮਹੂਆ ਮੋਇਤਰਾ ਅਤੇ ਸਾਗਰਿਕਾ ਘੋਸ਼ ਪਹੁੰਚੇ। ਕਲਿਆਣ ਬੈਨਰਜੀ ਨੇ ਅੰਤਰਿਮ ਆਦੇਸ਼ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਹੁਕਮ ਜਾਰੀ ਕਰਨ ਦਾ ਕੋਈ ਆਧਾਰ ਨਹੀਂ ਹੈ।
ਚੋਣ ਕਮਿਸ਼ਨ ਵੱਲੋਂ ਪਾਰਟੀਆਂ ਵਿੱਚ ਬਗਾਵਤ ਜਾਂ ਫੁੱਟ ਤੋਂ ਬਾਅਦ ਚੋਣ ਨਿਸ਼ਾਨ ਫ੍ਰੀਜ਼ ਕਰਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 2021 ਵਿੱਚ ਲੋਕ ਜਨਸ਼ਕਤੀ ਪਾਰਟੀ (LJP) ਦੇ ਵਿਵਾਦ ਦੌਰਾਨ 'ਬੰਗਲਾ' ਚੋਣ ਨਿਸ਼ਾਨ ਅਤੇ 2022 ਵਿੱਚ ਸ਼ਿਵ ਸੈਨਾ ਦੇ ਵਿਵਾਦ ਸਮੇਂ 'ਧਨੁਸ਼-ਬਾਣ' ਚੋਣ ਨਿਸ਼ਾਨ ਨੂੰ ਵੀ ਕਮਿਸ਼ਨ ਦੁਆਰਾ ਫ੍ਰੀਜ਼ ਕੀਤਾ ਜਾ ਚੁੱਕਾ ਹੈ।
