ਤ੍ਰਿਣਮੂਲ ਤੇ ਮਾਕਪਾ ਨੇ ਰਾਜ ਸਭਾ ’ਚ ਸਰਕਾਰ ਨੂੰ ਮਣੀਪੁਰ ਦੇ ਮੁੱਦੇ ’ਤੇ ਘੇਰਿਆ
Wednesday, Dec 18, 2024 - 12:22 AM (IST)
ਨਵੀਂ ਦਿੱਲੀ, (ਭਾਸ਼ਾ)- ਮਣੀਪੁਰ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦੇ ਹੋਏ ਰਾਜ ਸਭਾ ਵਿਚ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ਅਤੇ ਮਾਕਪਾ ਨੇ ਦੋ ਟੁੱਕ ਸ਼ਬਦਾਂ ਵਿਚ ਕਿਹਾ ਕਿ ਸੰਵਿਧਾਨ ਦੀ 75 ਸਾਲ ਦੀ ਸ਼ਾਨਦਾਰ ਯਾਤਰਾ ’ਤੇ ਚਰਚਾ ਵਿਚ ਮਣੀਪੁਰ ਨੂੰ ਹਾਸ਼ੀਏ ਵਿਚ ਪਾ ਦੇਣਾ ਠੀਕ ਨਹੀਂ ਹੈ। ਰਾਜ ਸਭਾ ਵਿਚ ਹੋ ਰਹੀ ਚਰਚਾ ਦੇ ਦੂਜੇ ਦਿਨ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਾਨ ਬ੍ਰਿਟਾਸ ਨੇ ਕਿਹਾ ਕਿ ਸੰਵਿਧਾਨ ਦੇ 75 ਸਾਲਾਂ ਦੀ ਯਾਤਰਾ ਬਹੁਤ ਮਾਣ ਵਾਲੀ ਹੈ। ਪਰ ਇਸ ਸਰਕਾਰ ਨੇ ਹਮੇਸ਼ਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ 65 ਸਾਲਾਂ ਵਿਚ ਦੇਸ਼ ਵਿਚ ਕੋਈ ਵਿਕਾਸ ਨਹੀਂ ਹੋਇਆ, ਜੋ ਵੀ ਵਿਕਾਸ ਹੋਇਆ ਉਹ ਇਸ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹੀ ਹੋਇਆ।
ਬ੍ਰਿਟਾਸ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਪਿਛਲੀ ਵਾਰ ਇਕ ਚਰਚਾ ’ਚ ਆਪਣਾ ਪੱਖ ਪੇਸ਼ ਕਰਦੇ ਹੋਏ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਸੀ ਕਿ ਨਹਿਰੂ ਲਈ ਇਕ ਮੰਤਰਾਲਾ ਬਣਾ ਦਿੱਤਾ ਜਾਵੇ ਤਾਂ ਜੋ ਇਕ ਮੰਤਰੀ ਉਨ੍ਹਾਂ ਦੀਆਂ ਗਲਤੀਆਂ ਨੂੰ ਸੁਧਾਰਦਾ ਰਹੇ। ਉਨ੍ਹਾਂ ਕਿਹਾ ਕਿ ਕਿੰਨਾ ਚਿਰ ਸਰਕਾਰ ਹਰ ਸਮੱਸਿਆ ਲਈ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੇਗੀ? ਤੁਸੀਂ ਕੀ ਕੀਤਾ ਹੈ? ਮਾਕਪਾ ਦੇ ਮੈਂਬਰ ਨੇ ਕਿਹਾ ਕਿ ਅੱਜ ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਹੈ। ਉਨ੍ਹਾਂ ਕਿਹਾ ਕਿ ਦੂਜੇ ਸਦਨ ਵਿਚ ਪ੍ਰਧਾਨ ਮੰਤਰੀ ਨੇ 10 ਮੰਤਰ ਦਿੰਦੇ ਹੋਏ ਖੁਦ ਕਿਹਾ ਹੈ ਕਿ ਸਾਨੂੰ ਆਪਣੇ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਫਰਜ਼ਾਂ ਦੀ ਗੱਲ ਕਰਦੇ ਹੋ ਤਾਂ ਤੁਸੀਂ ਆਪਣੇ ਫਰਜ਼ਾਂ ਦੀ ਪਾਲਣਾ ਕਿਉਂ ਨਹੀਂ ਕਰਦੇ? ਤੁਸੀਂ ਅੱਜ ਤੱਕ ਮਣੀਪੁਰ ਕਿਉਂ ਨਹੀਂ ਗਏ?
ਤ੍ਰਿਣਮੂਲ ਕਾਂਗਰਸ ਦੀ ਸੁਸ਼ਮਿਤਾ ਦੇਵ ਨੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਰਾਹੀਂ ਦੇਸ਼ ’ਚ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ। ਪਰ ਅੱਜ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੇਸ਼ ਵਿਚ ਸਮਾਨਤਾ ਹੈ ਕਿਉਂਕਿ ਦੇਸ਼ ਦੀ 40 ਫ਼ੀਸਦੀ ਜਾਇਦਾਦ ਇਕ ਫ਼ੀਸਦੀ ਲੋਕਾਂ ਦੇ ਹੱਥਾਂ ਵਿਚ ਹੈ। ਸੁਸ਼ਮਿਤਾ ਨੇ ਕਿਹਾ ਕਿ ਨੋਟਬੰਦੀ ਅਤੇ ਲਾਕਡਾਊਨ ਸਮੇਤ ਸਰਕਾਰ ਦੀਆਂ ਵਿਨਾਸ਼ਕਾਰੀ ਨੀਤੀਆਂ ਨੇ ਅਰਥਚਾਰੇ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਅਸਮਾਨਤਾ ਨੂੰ ਵੀ ਦੇਖੋ। ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਸੰਵਿਧਾਨ ’ਤੇ ਚਰਚਾ ਵਿਚ ਆਪਣੀ-ਆਪਣੀ ਗੱਲ ਕਹੀ ਪਰ ਮਣੀਪੁਰ ’ਤੇ ਇਕ ਵੀ ਸੰਸਦ ਮੈਂਬਰ ਨਹੀਂ ਬੋਲਿਆ, ਸਾਰੇ ਚੁੱਪ ਰਹੇ।