ਤੀਸ ਹਜ਼ਾਰੀ ਹਿੰਸਾ : ਸੁਪਰੀਮ ਕੋਰਟ ਨੇ ਕਿਹਾ- ''ਤਾੜੀ ਇਕ ਹੱਥ ਨਾਲ ਨਹੀਂ ਵੱਜਦੀ''

11/08/2019 4:26:04 PM

ਨਵੀਂ ਦਿੱਲੀ— ਤੀਸ ਹਜ਼ਾਰੀ ਕੋਰਟ 'ਚ ਪੁਲਸ ਅਤੇ ਵਕੀਲਾਂ ਦਰਮਿਆਨ ਹੋਏ ਝਗੜੇ 'ਤੇ ਸੁਪਰੀਮ ਕੋਰਟ ਦੀ ਪਹਿਲੀ ਸਖਤ ਟਿੱਪਣੀ ਗਈ ਹੈ। ਇਸ 'ਚ ਕੋਰਟ ਨੇ ਸਾਫ਼ ਤੌਰ 'ਤੇ ਕਿਹਾ ਕਿ ਗਲਤੀ ਜ਼ਰੂਰ ਦੋਹਾਂ ਪੱਖਾਂ ਵਲੋਂ ਹੋਈ ਹੋਵੇਗੀ। ਹਾਲਾਂਕਿ ਕੋਰਟ ਨੇ ਇਹ ਗੱਲ ਕਿਸੇ ਦੂਜੇ ਮਾਮਲੇ 'ਤੇ ਸੁਣਵਾਈ ਦੌਰਾਨ ਕਹੀ ਹੈ। ਕੋਰਟ 'ਚ ਉਸ ਸਮੇਂ ਓਡੀਸ਼ਾ 'ਚ ਚੱਲ ਰਹੀ ਵਕੀਲਾਂ ਦੀ ਹੜਤਾਲ ਦਾ ਮਾਮਲਾ ਸੁਣਿਆ ਜਾ ਰਿਹਾ ਸੀ। ਸੁਣਵਾਈ ਦੌਰਾਨ ਬਾਰ ਕਾਊਂਸਿਲ ਆਫ ਇੰਡੀਆ ਦੇ ਚੇਅਰਮੈਨ ਮਨਨ ਮਿਸ਼ਰਾ ਨੇ ਤੀਸ ਹਜ਼ਾਰੀ ਮਾਮਲੇ ਦਾ ਜ਼ਿਕਰ ਕੀਤਾ। ਇਸ 'ਤੇ ਸੁਪਰੀਮ ਕੋਰਟ ਨੇ ਕਿਹਾ,''ਤਾੜੀ ਇਕ ਹੱਥ ਨਾਲ ਨਹੀਂ ਵਜਦੀ। ਕਮੀਆਂ ਦੋਹਾਂ ਪੱਖਾਂ 'ਚ ਸੀ। ਸਾਡਾ ਚੁੱਪ ਰਹਿਣਾ ਹੀ ਠੀਕ ਹੈ।'' ਇਹ ਟਿੱਪਣੀ ਸੁਪਰੀਮ ਕੋਰਟ ਦੇ ਜੱਜਾਂ ਦੀ ਬੈਂਚ ਨੇ ਕੀਤੀ। ਇਸ 'ਚ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਕੇ.ਐੱਮ. ਜੋਸਫ ਸ਼ਾਮਲ ਹਨ।

ਵਕੀਲਾਂ ਦੀ ਪਟੀਸ਼ਨ ਕੀਤੀ ਸੀ ਖਾਰਜ
ਇਸ ਤੋਂ ਪਹਿਲਾਂ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਵਕੀਲਾਂ ਦੀ ਇਕ ਪਟੀਸ਼ਨ ਵੀ ਖਾਰਜ ਕੀਤੀ ਸੀ। ਉਸ 'ਚ ਵਕੀਲਾਂ ਨੇ ਮੀਡੀਆ 'ਤੇ ਬੈਨ ਦੀ ਮੰਗ ਕੀਤੀ ਸੀ। ਵਕੀਲ ਚਾਹੁੰਦੇ ਸਨ ਕਿ ਪੁਲਸ ਵਾਲਿਆਂ ਨਾਲ ਚੱਲ ਰਹੇ ਉਨ੍ਹਾਂ ਦੇ ਵਿਵਾਦ 'ਤੇ ਮੀਡੀਆ ਕਵਰੇਜ਼ 'ਤੇ ਬੈਨ ਲੱਗੇ ਪਰ ਸੁਪਰੀਮ ਕੋਰਟ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਵਕੀਲਾਂ ਵਲੋਂ ਮੀਡੀਆ 'ਤੇ ਪਾਬੰਦੀ ਲਗਾਉਣ ਦੀ ਇਹ ਤੀਜੀ ਕੋਸ਼ਿਸ਼ ਸੀ। ਸੁਪਰੀਮ ਕੋਰਟ ਤੋਂ ਪਹਿਲਾਂ 2 ਵਾਰ ਅਜਿਹੀ ਹੀ ਪਟੀਸ਼ਨ ਦਿੱਲੀ ਹਾਈ ਕੋਰਟ 'ਚ ਦਾਇਰ ਕੀਤੀ ਗਈ ਸੀ। ਉੱਥੇ ਵੀ ਵਕੀਲਾਂ ਦੀ ਪਟੀਸ਼ਨ ਨੂੰ ਖਾਰਜ ਕੀਤਾ ਗਿਆ ਸੀ।

ਇਕ ਅਫਵਾਹ ਨੇ ਲਿਆ ਵੱਡੇ ਵਿਵਾਦ ਦਾ ਰੂਪ
ਦੱਸਣਯੋਗ ਹੈ ਕਿ ਤੀਸ ਹਜ਼ਾਰੀ ਕੋਰਟ 'ਚ ਪਾਰਕਿੰਗ ਦੇ ਮਾਮੂਲੀ ਝਗੜੇ ਨੇ ਵੱਡੇ ਵਿਵਾਦ ਦਾ ਰੂਪ ਲੈ ਲਿਆ ਸੀ। ਇਸ ਦਾ ਕਾਰਨ ਇਹ ਅਫਵਾਹ ਸੀ ਕਿ ਪੁਲਸ ਦੀ ਗੋਲੀ ਨਾਲ ਇਕ ਵਕੀਲ ਦੀ ਮੌਤ ਹੋ ਗਈ ਹੈ। ਇਸ ਅਫਵਾਹ ਤੋਂ ਬਾਅਦ ਪੁਲਸ 'ਤੇ ਹਮਲੇ ਹੋਏ ਸਨ। ਉਨ੍ਹਾਂ ਦੀਆਂ ਗੱਡੀਆਂ 'ਚ ਵੀ ਅੱਗ ਲੱਗਾ ਦਿੱਤੀ ਗਈ ਸੀ। ਹੁਣ ਇਕ ਨਵਾਂ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਘਟਨਾ 'ਤੇ ਮੌਜੂਦ ਮਹਿਲਾ ਆਈ.ਪੀ.ਐੱਸ. ਮੋਨਿਕਾ ਭਾਰਦਵਾਜ ਹਿੰਸਾ ਰੋਕਣ ਲਈ ਵਕੀਲਾਂ ਦੇ ਹੱਥ ਜੋੜ ਰਹੀ ਸੀ। ਮਾਮਲੇ 'ਚ ਵਕੀਲਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਇਕ ਸਾਥੀ ਨੂੰ ਕੋਰਟ 'ਚ ਮੌਜੂਦ ਪੁਲਸ ਲਾਕਅੱਪ 'ਚ ਰੱਖਿਆ ਗਿਆ ਸੀ, ਉੱਥੇ ਪੁਲਸ ਇਸ ਤੋਂ ਇਨਕਾਰ ਕਰਦੀ ਹੈ। ਪੁਲਸ ਦਾ ਕਹਿਣਾ ਹੈ ਕਿ ਵਕੀਲ ਨੂੰ ਸਿਰਫ਼ ਪੁਲਸ ਅਧਿਕਾਰੀ ਦੇ ਦਫ਼ਤਰ ਤੱਕ ਲਿਜਾਇਆ ਗਿਆ ਸੀ।


DIsha

Content Editor

Related News