ਤਿਰੂਪਤੀ ਲੱਡੂ ਵਿਵਾਦ: ਸੁਪਰੀਮ ਕੋਰਟ ਵਲੋਂ ਸੁਤੰਤਰ SIT ਦਾ ਗਠਨ
Friday, Oct 04, 2024 - 12:24 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਤਿਰੂਪਤੀ ਲੱਡੂ ਬਣਾਉਣ 'ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਦੋਸ਼ਾਂ ਦੀ ਜਾਂਚ ਲਈ ਇਕ ਸੁਤੰਤਰ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ। SIT 'ਚ ਕੇਂਦਰੀ ਜਾਂਚ ਬਿਊਰੋ (CBI) ਅਤੇ ਆਂਧਰਾ ਪ੍ਰਦੇਸ਼ ਪੁਲਸ ਦੇ ਦੋ-ਦੋ ਅਧਿਕਾਰੀਆਂ, FSSAI (ਭਾਰਤੀ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਟੀ) ਦੇ ਇਕ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਜਸਟਿਸ ਬੀ.ਆਰ. ਗਵਈ ਅਤੇ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਕਿ SIT ਜਾਂਚ ਦੀ ਨਿਗਰਾਨੀ CBI ਡਾਇਰੈਕਟਰ ਕਰਨਗੇ।
ਬੈਂਚ ਨੇ ਇਹ ਹੁਕਮ ਕਈ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਦਿੱਤਾ ਜਿਨ੍ਹਾਂ 'ਚ ਮਾਮਲੇ ਦੀ ਅਦਾਲਤ ਦੀ ਨਿਗਰਾਨੀ 'ਚ ਜਾਂਚ ਦੀ ਬੇਨਤੀ ਕਰਨ ਵਾਲੀਆਂ ਪਟੀਸ਼ਨਾਂ ਵੀ ਸ਼ਾਮਲ ਹਨ। ਬੈਂਚ ਨੇ ਕਿਹਾ ਕਿ ਉਹ ਅਦਾਲਤ ਦਾ ‘ਸਿਆਸੀ ਜੰਗ ਦੇ ਮੈਦਾਨ’ ਵਜੋਂ ਇਸਤੇਮਾਲ ਦੀ ਇਜਾਜ਼ਤ ਨਹੀਂ ਦੇਵੇਗੀ। ਬੈਂਚ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਮਾਮਲਾ ਸਿਆਸੀ ਡਰਾਮੇ ਵਿਚ ਬਦਲ ਜਾਵੇ। ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਕਿਹਾ ਕਿ ਜੇਕਰ ਦੋਸ਼ਾਂ ਵਿਚ ਜ਼ਰਾ ਵੀ ਸੱਚਾਈ ਹੈ, ਤਾਂ ਇਹ ਨਾ-ਮਨਜ਼ੂਰ ਹੈ।
ਤੁਸ਼ਾਰ ਮਹਿਤਾ ਨੇ ਸੁਝਾਅ ਦਿੱਤਾ ਕਿ SIT ਵਲੋਂ ਜਾਂਚ ਦੀ ਨਿਗਰਾਨੀ ਕੇਂਦਰ ਸਰਕਾਰ ਦੇ ਕਿਸੇ ਸੀਨੀਅਰ ਅਧਿਕਾਰੀ ਵਲੋਂ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ 30 ਸਤੰਬਰ ਨੂੰ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਇਹ ਫ਼ੈਸਲਾ ਲੈਣ ਵਿਚ ਮਦਦ ਕਰਨ ਨੂੰ ਕਿਹਾ ਸੀ ਕਿ ਕੀ ਸੂਬਾ ਸਰਕਾਰ ਵਲੋਂ ਗਠਿਤ SIT ਦੀ ਜਾਂਚ ਜਾਰੀ ਰਹਿਣੀ ਚਾਹੀਦੀ ਜਾਂ ਕਿਸੇ ਸੁਤੰਤਰ ਏਜੰਸੀ ਨੂੰ ਜਾਂਚ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਉੱਚ ਕਾਨੂੰਨ ਅਧਿਕਾਰੀ ਨੂੰ ਇਸ ਮੁੱਦੇ 'ਤੇ ਵਿਚਾਰ ਕਰਨ ਅਤੇ ਇਸ ਸਬੰਧ 'ਚ ਮਦਦ ਕਰਨ ਲਈ ਕਿਹਾ ਸੀ।