ਤਿਰੂਪਤੀ ਬਾਲਾਜੀ ਮੰਦਰ ’ਚ ਭਗਤ ਨੇ ਚੜ੍ਹਾਈ ਸੋਨੇ ਦੀ ਤਲਵਾਰ, ਦੇਖੋ ਤਸਵੀਰਾਂ
Tuesday, Jul 20, 2021 - 04:37 PM (IST)
ਹੈਦਰਾਬਾਦ— ਆਂਧਰਾ ਪ੍ਰਦੇਸ਼ ਵਿਚ ਸਥਿਤ ਤਿਰੂਮਲਾ ਤਿਰੂਪਤੀ ਬਾਲਾਜੀ ਦਾ ਨਾਂ ਦੇਸ਼ ਦੇ ਸਭ ਤੋਂ ਅਮੀਰ ਮੰਦਰਾਂ ਵਿਚ ਆਉਂਦਾ ਹੈ। ਇਸ ਮੰਦਰ ’ਚ ਭਗਵਾਨ ਵੈਂਕਟੇਸ਼ਵਰ ਸਵਾਮੀ ਨੂੰ ਕਰੋੜਾਂ ਰੁਪਏ ਦਾ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ। ਹੈਦਰਾਬਾਦ ਦੇ ਸ਼੍ਰੀਨਿਵਾਸ ਜੋੜੇ ਨੇ ਇਸ ਮੰਦਰ ’ਚ ਸੋਨੇ ਦੀ ਤਲਵਾਰ ਚੜ੍ਹਾਈ ਹੈ। ਇਸ ਤਲਵਾਰ ਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਸ਼੍ਰੀਨਿਵਾਸ ਜੋੜੇ ਨੇ ਸੋਮਵਾਰ ਨੂੰ ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਅਧਿਕਾਰੀਆਂ ਨੂੰ ਸੋਨੇ ਦੀ ਤਲਵਾਰ ਸੌਂਪੀ। ਦਰਅਸਲ ਜੋੜਾ ਭਗਵਾਨ ਵੈਂਕਟੇਸ਼ਵਰ ਦੇ ਸ਼ਰਨਾਂ ਵਿਚ ਸੋਨੇ ਦੀ ਤਲਵਾਰ ‘ਸੂਰਈਆ ਕਟਾਰੀ’ ਨੂੰ ਭੇਟ ਕਰਨਾ ਚਾਹੁੰਦਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਮੰਦਰ ਬੰਦ ਸੀ, ਜਿਸ ਕਾਰਨ ਉਹ ਇਸ ਨੂੰ ਚੜ੍ਹਾ ਨਹੀਂ ਸਕੇ।
ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀ ਤਲਵਾਰ ‘ਸੂਰਈਆ ਕਟਾਰੀ’ ਨੂੰ ਸ਼੍ਰੀਨਿਵਾਸ ਜੋੜੇ ਨੇ ਤਾਮਿਲਨਾਡੂ ਦੇ ਕੋਇੰਬਟੂਰ ਵਿਚ ਮਾਹਰ ਜਿਊਲਰ ਵਲੋਂ ਬਣਵਾਇਆ ਹੈ। ਇਸ ਨੂੰ ਬਣਾਉਣ ਵਿਚ ਕਰੀਬ 6 ਮਹੀਨੇ ਦਾ ਸਮਾਂ ਲੱਗਾ। ਸਾਢੇ 6 ਕਿਲੋ ਵਜ਼ਨੀ ਇਸ ਸੋਨੇ ਦੀ ਤਲਵਾਰ ਨੂੰ ਬਣਾਇਆ ਗਿਆ ਹੈ।
ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿਚ ਸਥਿਤ ਤਿਰੂਮਲਾ ਦੀਆਂ ਪਹਾੜੀਆਂ ’ਤੇ ਬਣਿਆ ਵੈਂਕਟੇਸ਼ਵਰ ਮੰਦਰ ਇਕ ਪ੍ਰਸਿੱਧ ਹਿੰਦੂ ਤੀਰਥ ਸਥਲ ਹੈ। ਕਈ ਦਹਾਕੇ ਪਹਿਲਾਂ ਬਣੇ ਇਸ ਮੰਦਰ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਭਾਰਤੀ ਵਸਤੂ ਕਲਾ ਅਤੇ ਸ਼ਿਲਪ ਕਲਾ ਦਾ ਅਦਭੁੱਤ ਉਦਾਹਰਣ ਹੈ। ਤਿਰੂਪਤੀ ਮੰਦਰ ਭਾਰਤ ਦਾ ਦੂਜਾ ਸਭ ਤੋਂ ਅਮੀਰ ਮੰਦਰ ਹੈ, ਜਿੱਥੇ ਕਰੋੜਾਂ ਦਾ ਚੜ੍ਹਾਵਾ ਹਰ ਸਾਲ ਚੜ੍ਹਦਾ ਹੈ।