ਟੀਪੂ ਸੁਲਤਾਨ ਜਯੰਤੀ : ਬੀਜੇਪੀ ਦੀ ਧਮਕੀ ਤੋਂ ਬਾਅਦ ਕਰਨਾਟਕ ''ਚ ਕਰਫਿਊ
Saturday, Nov 10, 2018 - 01:57 PM (IST)
ਬੈਂਗਲੁਰੂ— ਕਰਨਾਟਕ 'ਚ ਟੀਪੂ ਸੁਲਤਾਨ ਦੀ ਜਯੰਤੀ ਮਨਾਉਣ ਨੂੰ ਲੈ ਕੇ ਹੰਗਾਮਾ ਜਾਰੀ ਹੈ। ਕਰਨਾਟਕ ਸਰਕਾਰ 2016 ਤੋਂ ਟੀਪੂ ਸੁਲਤਾਨ ਦੀ ਜਯੰਤੀ ਮਨਾ ਰਹੀ ਹੈ। ਜਦਕਿ ਬੀਜੇਪੀ ਨੇ ਇਸ ਪ੍ਰੋਗਰਾਮ 'ਚ ਅੜਿੱਕਾ ਪਾਉਣ ਦੀ ਧਮਕੀ ਦਿੱਤੀ ਹੈ, ਜਿਸ ਤੋਂ ਬਾਅਦ ਹੁਬਲੀ, ਧਾਰਵਾੜ ਤੇ ਸ਼ਿਵਮੋੱਗਾ ਸਣੇ ਕਰਨਾਟਕ ਦੇ ਕਈ ਸ਼ਹਿਰਾਂ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਵਾਰ ਜਯੰਤੀ 'ਤੇ ਕਈ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੀਪੂ ਜਯੰਤੀ 'ਤੇ ਰਾਜਨੀਤੀ ਗਰਮ ਹੋ ਗਈ ਹੈ।

ਧਾਰਾ 144 ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਬੀਜੇਪੀ ਨੇ ਜੇਡੀਐੱਸ ਤੇ ਕਾਂਗਰਸ ਸਰਕਾਰ ਨਾਲ ਜਸ਼ਨ ਨਾ ਮਨਾਉਣ ਦੀ ਅਪੀਲ ਕੀਤੀ ਸੀ ਤੇ ਨਾਲ ਹੀ ਬੇਂਗਲੁਰੂ, ਮੈਸੂਰ ਤੇ ਕੋਡਾਗੁ ਸਣੇ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ। 10 ਤੇ 11 ਨਵੰਬਰ ਨੂੰ ਸਵੇਰੇ 6 ਵਜੇ ਤੇ 7 ਵਜੇ ਤੋਂ ਇਨ੍ਹਾਂ ਦੋਹਾਂ ਸ਼ਹਿਰਾਂ 'ਚ ਕਰਫਿਊ ਲਗਾ ਦਿੱਤਾ ਜਾਵੇਗਾ। ਇਸ ਦੌਰਾਨ ਇਕ ਹੀ ਥਾਂ 'ਤੇ 4 ਤੋਂ ਜ਼ਿਆਦਾ ਲੋਕ ਇਕੱਠਾ ਨਹੀਂ ਹੋ ਸਕਣਗੇ।
ਇਸ ਮਾਮਲੇ 'ਤੇ ਗਠਜੋੜ ਦੀ ਸਰਕਾਰ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰ ਸਵਾਮੀ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਨੀਤੀ ਨੂੰ ਜਾਰੀ ਰੱਖਣ ਲਈ 10 ਨਵੰਬਰ ਨੂੰ ਟੀਪੂ ਸੁਲਤਾਨ ਦੀ ਜਯੰਤੀ ਮਨਾਇਆ ਜਾਵੇਗਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਬੀਜੇਪੀ ਨੇ ਪ੍ਰੋਗਰਾਮ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਹਾਲੇ ਇਹ ਤੈਅ ਨਹੀਂ ਹੋਇਆ ਹੈ ਕਿ ਕੁਮਾਰ ਸਵਾਮੀ ਮੁੱਖ ਸਮਾਰੋਹ 'ਚ ਸ਼ਾਮਲ ਹੋਣਗੇ ਜਾਂ ਨਹੀਂ।
