ਊਧਵ ਨੇ ਭਾਜਪਾ ਨੂੰ ਧੋਖਾ ਦਿੱਤਾ, ਸਜ਼ਾ ਮਿਲਣ ਤੱਕ ਚੈਨ ਨਾਲ ਨਹੀਂ ਬੈਠਾਂਗੇ : ਅਮਿਤ ਸ਼ਾਹ

09/06/2022 11:35:17 AM

ਮੁੰਬਈ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਸਾਬਕਾ ਸਹਿਯੋਗੀ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ’ਤੇ ਵਿਸ਼ਵਾਸਘਾਤ ਅਤੇ ਪਿੱਠ ’ਚ ਛੁਰਾ ਮਾਰਨ ਦਾ ਦੋਸ਼ ਲਾਇਆ ਅਤੇ ਭਾਜਪਾ ਵਰਕਰਾਂ ਨੂੰ ਆਉਂਦੇ ਬੀ. ਐੱਮ. ਸੀ. ਚੋਣਾਂ ’ਚ ਠਾਕਰੇ ਧੜੇ ਨੂੰ ਹਰਾਉਣ ਦਾ ਸੱਦਾ ਦਿੱਤਾ। ਮੁੰਬਈ ਦੇ 2 ਦਿਨਾਂ ਦੌਰੇ ’ਤੇ ਆਏ ਸ਼ਾਹ ਨੇ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ।

ਅਮਿਤ ਸ਼ਾਹ ਨੇ ਕਿਹਾ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਭਾਜਪਾ ਨੂੰ ਧੋਖਾ ਦਿੱਤਾ ਹੈ, ਜਦੋਂ ਤੱਕ ਉਸ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਚੈਨ ਨਾਲ ਨਾ ਬੈਠੋ। ਠਾਕਰੇ ਧੜੇ ਅਤੇ ਸ਼ਿੰਦੇ ਖੇਮੇ ਵਿਚਾਲੇ ਚੱਲ ਰਹੀ ਕਾਨੂੰਨੀ ਲੜਾਈ ਦਰਮਿਆਨ ਸ਼ਾਹ ਨੇ ਕਿਹਾ ਕਿ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਸਲੀ ਹੈ। ਭਾਜਪਾ ਦਾ ਟੀਚਾ ਬੀ. ਐੱਮ. ਸੀ. ਚੋਣਾਂ ’ਚ 150 ਸੀਟਾਂ ਜਿੱਤਣਾ ਹੈ। ਊਧਵ ਠਾਕਰੇ ਨੇ ਸਾਲ 2014 ’ਚ ਸਿਰਫ 2 ਸੀਟਾਂ ਲਈ ਗਠਜੋੜ ਤੋੜ ਕੇ ਭਾਜਪਾ ਨੂੰ ਧੋਖਾ ਦਿੱਤਾ ਸੀ। ਊਧਵ ਠਾਕਰੇ ਨੇ ਨਰਿੰਦਰ ਮੋਦੀ ਅਤੇ ਦੇਵੇਂਦਰ ਫੜਨਵੀਸ ਦੇ ਨਾਂ ’ਤੇ ਵੋਟਾਂ ਮੰਗਣ ਤੋਂ ਬਾਅਦ ਭਾਜਪਾ ਨੂੰ ਧੋਖਾ ਦਿੱਤਾ ਹੈ। ਸ਼ਾਹ ਨੇ ਕਿਹਾ, ‘ਠਾਕਰੇ ਨੂੰ ਉਨ੍ਹਾਂ ਦੀ ਜਗ੍ਹਾ ਵਿਖਾਉਣ ਦਾ ਸਮਾਂ ਆ ਗਿਆ ਹੈ।’

ਸ਼ਾਹ ਨੇ ਕਿਹਾ, ‘ਰਾਜਨੀਤੀ ’ਚ ਕਿਸੇ ਨੂੰ ਧੋਖਾ ਦੇਣ ਵਾਲੇ ਕਦੇ ਕਾਮਯਾਬ ਨਹੀਂ ਹੁੰਦੇ। ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੁੰਬਈ ਦੀ ਰਾਜਨੀਤੀ ’ਚ ਭਾਜਪਾ ਦਾ ਦਬਦਬਾ ਹੋਣਾ ਚਾਹੀਦਾ ਹੈ। ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਕਮਜ਼ੋਰ ਹੋ ਗਈ ਹੈ ਅਤੇ ਵਿਸ਼ਵਾਸਘਾਤ ਦੀ ਰਾਜਨੀਤੀ ਕਾਰਨ ਆਪਣੀ ਮੌਜੂਦਾ ਸਥਿਤੀ ’ਚ ਪਹੁੰਚ ਗਈ ਹੈ।’ ਸ਼ਾਹ ਨੇ ਭਾਜਪਾ ਦੀ ਭਵਿੱਖ ਦੀ ਰਾਜਨੀਤਿਕ ਲਾਈਨ ਦੱਸਦੇ ਹੋਏ ਕਿਹਾ ਕਿ ਪਾਰਟੀ ਮਹਾਰਾਸ਼ਟਰ ’ਚ ਹਿੰਦੂ ਵਿਰੋਧੀ ਰਾਜਨੀਤੀ ਨੂੰ ਖਤਮ ਕਰਨਾ ਚਾਹੁੰਦੀ ਹੈ।


Rakesh

Content Editor

Related News