ਅੱਤਵਾਦ ਨੂੰ ਉਤਸ਼ਾਹ ਦੇਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਸਮਾਂ ਆ ਗਿਆ ਹੈ : ਭਾਰਤ
Wednesday, Jun 23, 2021 - 10:34 AM (IST)
ਨਵੀਂ ਦਿੱਲੀ/ਜਿਨੇਵਾ- ਭਾਰਤ ਨੇ ਪਾਕਿਸਤਾਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆਹੈ ਕਿ ਗੁਆਂਢੀ ਦੇਸ਼ ਨੂੰ ਅੱਤਵਾਦ ਦੀ ਮਦਦ ਕਰਨ ਅਤੇ ਉਸ ਨੂੰ ਉਤਸ਼ਾਹ ਦੇਣ ਦਾ ਜ਼ਿੰਮੇਵਾਰ ਠਹਿਰਾਇਆ ਜਾਵੇ। ਨਾਲ ਹੀ ਭਾਰਤ ਨੇ ਉੱਥੇ ਲੋਕਾਂ ਨੂੰ ਬਲਪੂਰਵਕ ਗਾਇਬ ਕਰਨ, ਕਤਲ ਅਤੇ ਸਿਆਸੀ ਵਰਕਰਾਂ ਤੇ ਘੱਟ ਗਿਣਤੀਆਂ ਨੂੰ ਮਨਮਾਨੇ ਢੰਗ ਨਾਲ ਹਿਰਾਸਤ 'ਚ ਰੱਖਣ ਦੇ ਮਾਮਲਿਆਂ ਦਾ ਜ਼ਿਕਰ ਕੀਤਾ। ਜਿਨੇਵਾ 'ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਇਕ ਸੈਸ਼ਨ 'ਚ ਭਾਰਤ ਨੇ ਕਸ਼ਮੀਰ ਦਾ ਮੁੱਦਾ ਚੁੱਕਣ ਅਤੇ ਇਕ ਸਾਲਾਨਾ ਰਿਪੋਰਟ 'ਤੇ ਗੱਲਬਾਤ ਦੌਰਾਨ ਭਾਰਤ ਵਿਰੁੱਧ ਬਿਨਾਂ ਸਿਰ ਪੈਰ ਦੇ ਦੋਸ਼ ਲਗਾਉਣ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ।
ਜਿਨੇਵਾ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੇ ਪ੍ਰਥਮ ਸਕੱਤਰ ਪਵਨ ਕੁਮਾਰ ਬਾਧੇ ਨੇ ਕਿਹਾ,''ਅੱਤਵਾਦ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦਾ ਹੈ ਅਤੇ ਇਸ ਦੇ ਸਾਰੇ ਰੂਪਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਜ਼ਰੂਰਤ ਹੈ।'' ਉਨ੍ਹਾਂ ਕਿਹਾ,''ਪਾਕਿਸਤਾਨ ਆਪਣੀ ਰਾਸ਼ਟਰੀ ਨੀਤੀ ਦੇ ਤੌਰ 'ਤੇ ਖ਼ਤਰਨਾਕ ਅਤੇ ਐਲਾਨ ਅੱਤਵਾਦੀਆਂ ਨੂੰ ਪੈਨਸ਼ਨ ਦਿੰਦਾ ਹੈ ਅਤੇ ਆਪਣੇ ਖੇਤਰ 'ਚ ਪਨਾਹ ਦਿੰਦਾ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਪਾਕਿਸਤਾਨ ਨੂੰ ਅੱਤਵਾਦ ਦੀ ਮਦਦ ਕਰਨ ਅਤੇ ਉਸ ਨੂੰ ਉਤਸ਼ਾਹ ਦੇਣ ਦਾ ਜ਼ਿੰਮੇਵਾਰ ਠਹਿਰਾਇਆ ਜਾਵੇ।'' ਬਾਧੇ ਨੇ ਪਾਕਿਸਤਾਨ ਦੇ ਬਿਆਨ ਤੋਂ ਬਾਅਦ ਜਵਾਬ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਇਹ ਗੱਲ ਕਹੀ।