TikTok ਸਟਾਰ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
Friday, Jul 03, 2020 - 11:21 AM (IST)

ਨਵੀਂ ਦਿੱਲੀ (ਕਮਲ) : ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਅਤੇ ਟਿਕ ਟਾਕ ਸਟਾਰ ਸੰਧਿਆ ਚੌਹਾਨ (ਉਮਰ 22 ਸਾਲ) ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਟਿਕ ਟਾਕ 'ਤੇ ਪਾਬੰਦੀ ਲੱਗਣ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ ਪਰ ਖੁਦਕੁਸ਼ੀ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਹੈ। ਮ੍ਰਿਤਕਾ ਟਿਕਟਾਕ 'ਤੇ ਕਾਫੀ ਸਰਗਰਮ ਰਹਿੰਦੀ ਸੀ। ਉਥੇ ਹੀ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਕੁੜੀ ਦਾ ਮੋਬਾਇਲ ਫੋਨ ਕਬਜ਼ੇ ਵਿਚ ਲੈ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਚੌਕੀ ਮੁਖੀ ਵਿਕਾਸ ਚੌਹਾਨ ਦਾ ਕਹਿਣਾ ਹੈ ਕਿ ਅਜਿਹਾ ਲੱਗ ਰਿਹਾ ਹੈ ਕਿ ਕੁੜੀ ਨੇ ਪਰਿਵਾਰਕ ਕਲੇਸ਼ ਕਾਰਨ ਜਾਨ ਦਿੱਤੀ ਹੈ।
ਲੜਕੀ ਦੇ ਸਬ ਇੰਸਪੈਕਟਰ ਪਿਤਾ ਸੰਜੈ ਚੌਹਾਨ ਦਾ ਪਰਿਵਾਰ ਪੱਲਵਪੁਰਮ ਥਾਣਾ ਖੇਤਰ ਦੀ ਗ੍ਰੀਨ ਪਾਰਕ ਕਲੋਨੀ ਵਿਚ 6 ਮਹੀਨੇ ਤੋਂ ਰਹਿ ਰਿਹਾ ਹੈ ਅਤੇ ਮ੍ਰਿਤਕਾ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਦੀ ਸੀ। ਤਾਲਾਬੰਦੀ ਕਾਰਨ ਉਹ ਆਪਣੇ ਘਰ ਆਈ ਹੋਈ ਸੀ। ਵੀਰਵਾਰ ਸ਼ਾਮ ਨੂੰ ਕਰੀਬ 5 ਵਜੇ ਉਸ ਨੇ ਕਮਰੇ ਵਿਚ ਫਾਹਾ ਲੈ ਕੇ ਜਾਨ ਦੇ ਦਿੱਤੀ। ਉਥੇ ਹੀ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਅਤੇ ਸੰਧਿਆ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਮਰੇ 'ਚੋਂ ਕੋਈ ਸੁਸਾਇਡ ਨੋਟ ਵੀ ਬਰਾਮਦ ਨਹੀਂ ਹੋਇਆ ਹੈ। ਪੁਲਸ ਹੁਣ ਜਾਂਚ ਵਿਚ ਜੁਟ ਗਈ ਹੈ।