ਕਿਸਾਨ ਅੰਦੋਲਨ: ਮਨੋਰੰਜਨ ਲਈ ਵਾਟਰਪਰੂਫ ਟੈਂਟ ਵਿਚ ਫਿਲਮਾਂ ਵਿਖਾਉਣ ਦਾ ਵੀ ਬੰਦੋਬਸਤ

Thursday, Jan 07, 2021 - 09:44 AM (IST)

ਕਿਸਾਨ ਅੰਦੋਲਨ: ਮਨੋਰੰਜਨ ਲਈ ਵਾਟਰਪਰੂਫ ਟੈਂਟ ਵਿਚ ਫਿਲਮਾਂ ਵਿਖਾਉਣ ਦਾ ਵੀ ਬੰਦੋਬਸਤ

ਸਿੰਘੂ/ਟਿਕਰੀ ਬਾਰਡਰ (ਹਰੀਸ਼)- ਦਿੱਲੀ ਨਾਲ ਲੱਗਦੇ ਹਰਿਆਣਾ ਦੇ 2 ਬਾਰਡਰਾਂ ਸਿੰਘੂ ਅਤੇ ਟਿਕਰੀ ਨੂੰ ਕਿਸਾਨ ਘੇਰੀ ਬੈਠੇ ਹਨ। ਇਨ੍ਹਾਂ ਕਿਸਾਨਾਂ ਲਈ ਲੰਗਰ ਤਾਂ ਹਨ ਹੀ, ਕੁਝ ਕਿਸਾਨ ਖੁਦ ਵੀ ਆਪਣੀ ਟਰਾਲੀਆਂ ਦੇ ਆਸ-ਪਾਸ ਆਪਣੇ ਲਈ ਖਾਣਾ ਤਿਆਰ ਕਰਦੇ ਹਨ। ਸਿੰਘੂ ਬਾਰਡਰ ’ਤੇ ਲੱਗੇ ਜ਼ਿਆਦਾਤਰ ਲੰਗਰਾਂ ਦੀ ਕਮਾਨ ਔਰਤਾਂ ਨੇ ਹੀ ਸੰਭਾਲੀ ਹੋਈ ਹੈ ਜਾਂ ਉਹ ਵੀ ਬਰਾਬਰ ਦੀਆਂ ਹਿੱਸੇਦਾਰ ਬਣੀਆਂ ਹੋਈਆਂ ਹਨ, ਜਦੋਂਕਿ ਟਿਕਰੀ ਬਾਰਡਰ ਦੇ ਲੰਗਰਾਂ ਵਿਚ ਔਰਤਾਂ ਦੀ ਤਾਦਾਦ ਨਾਮਾਤਰ ਹੈ। ਇਸ ਤੋਂ ਇਲਾਵਾ ਹਾਲੇ ਵੀ ਕਈ ਲੰਗਰ ਅਜਿਹੇ ਹਨ, ਜਿੱਥੇ ਸਬਜ਼ੀ ਕੱਟਣ, ਮਸਾਲਾ ਤਿਆਰ ਕਰਨ, ਦਾਲ-ਸਬਜ਼ੀ ਅਤੇ ਰੋਟੀ ਆਦਿ ਬਣਾਉਣ ਤੋਂ ਲੈ ਕੇ ਬਰਤਨ ਸਾਫ਼ ਕਰਨ ਤਕ ਦਾ ਸਾਰਾ ਕੰਮ ਮਰਦ ਹੀ ਕਰਦੇ ਹਨ। ਇਨ੍ਹਾਂ ਵਿਚ ਵੀ ਨੌਜਵਾਨ ਜ਼ਿਆਦਾ ਹਨ। ਹਾਂ, ਵਿਚ-ਵਿਚ ਕਦੇ-ਕਦੇ ਰਾਹ ਜਾਂਦੀਆਂ ਅਜਿਹੀਆਂ 2-4 ਔਰਤਾਂ ਜ਼ਰੂਰ ਇਨ੍ਹਾਂ ਮਰਦਾਂ ਦੀ ਮਦਦ ਲਈ ਆ ਜਾਂਦੀਆਂ ਹਨ, ਜੋ ਖੁਦ ਵੀ ਇਸ ਅੰਦੋਲਨ ਵਿਚ ਹਿੱਸਾ ਲੈਣ ਆਈਆਂ ਹੋਈਆਂ ਹਨ।

‘ਰੋਜ 6:30 ਵਜੇ ਸ਼ੁਰੂ ਹੁੰਦਾ ਹੈ ਸ਼ੋਅ, ਕਈ ਵਾਰ ਉਥੇ ਹੀ ਸੌਂ ਜਾਂਦੇ ਹਨ ਕਿਸਾਨ’

ਇੱਥੇ ਦਿੱਲੀ ਬਾਰਡਰ ’ਤੇ 40 ਦਿਨਾ ਤੋਂ ਬੈਠੇ ਕਿਸਾਨਾਂ ਦੇ ਮਨੋਰੰਜਨ ਲਈ ਇੱਕ ਵੱਡੇ ਵਾਟਰਪਰੂਫ ਟੈਂਟ ਵਿਚ ਫਿਲਮਾਂ ਵਿਖਾਉਣ ਦਾ ਬੰਦੋਬਸਤ ਵੀ ਕੀਤਾ ਗਿਆ ਹੈ। ਮਾਨਸਾ ਦੇ ਅਜੈਪਾਲ ਸਿੰਘ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਹ ਸਭ ਕਰੀਬ 10-12 ਦਿਨ ਪਹਿਲਾਂ ਸ਼ੁਰੂ ਕੀਤਾ ਹੈ। ਇਸ ਟੈਂਟ ਵਿਚ ਗੱਦੇ-ਰਜਾਈਆਂ ਆਦਿ ਦਾ ਵੀ ਪ੍ਰਬੰਧ ਹੈ। ਕਿਸਾਨਾਂ ਲਈ ਰੋਜ਼ਾਨਾ 6:30 ਵਜੇ ਫਿਲਮ ਦਾ ਸ਼ੋਅ ਸ਼ੁਰੂ ਹੁੰਦਾ ਹੈ। ਲੋਕ ਫਿਲਮ ਵੇਖ ਕੇ ਇੱਥੇ ਹੀ ਸੌਂ ਜਾਂਦੇ ਹਨ।
PunjabKesari‘ਸਿੱਖ ਧਰਮ ਅਤੇ ਆਜ਼ਾਦੀ ਘੁਲਾਟੀਆਂ ਨਾਲ ਜੁੜੀਆਂ ਫਿਲਮਾਂ ਵਿਖਾਈਆਂ ਜਾਂਦੀਆਂ ਹਨ’

ਇੱਥੇ ਵਿਖਾਈਆਂ ਜਾਣ ਵਾਲੀਆਂ ਫਿਲਮਾਂ ਖੇਤੀ ਦੇ ਪਲਾਟ ’ਤੇ ਬਣੀਆਂ ਹੁੰਦੀਆਂ ਹਨ, ਜਾਂ ਫਿਰ ਸਿੱਖ ਧਰਮ ਅਤੇ ਆਜ਼ਾਦੀ ਘੁਲਾਟੀਆਂ ਨਾਲ ਜੁੜੀਆਂ। ਹੁਣ ਤਕ ਇੱਥੇ ਚਾਰ ਸਾਹਿਬਜ਼ਾਦੇ ਪਾਰਟ-1 ਅਤੇ ਪਾਰਟ-2, ਸ਼ਹੀਦ-ਏ-ਆਜ਼ਮ ਭਗਤ ਸਿੰਘ, ਦਿ ਲੀਜੈਂਡ ਆਫ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਦੋ ਵਿੱਘਾ ਜ਼ਮੀਨ, ਸੱਜਣ ਸਿੰਘ ਰੰਗਰੂਟ, ਪੀਪਲੀ ਲਾਈਵ, ਲਾਹੌਰੀਏ ਅਤੇ ਫਾਈਨਲ ਅਸਾਲਟ ਆਦਿ ਫਿਲਮਾਂ ਵਿਖਾਈਆਂ ਜਾ ਚੁੱਕੀਆਂ ਹਨ। ਕਰੀਬ 300 ਲੋਕਾਂ ਨੂੰ ਰੋਜ਼ਾਨਾ ਇੱਕ ਸ਼ੋਅ ਵਿਚ ਵੱਡੀ ਸਕ੍ਰੀਨ ’ਤੇ ਪ੍ਰਾਜੈਕਟਰ ਦੇ ਜ਼ਰੀਏ ਫਿਲਮਾਂ ਵਿਖਾਈਆਂ ਜਾਂਦੀਆਂ ਹਨ।

‘ਟ੍ਰੈਫਿਕ ਰੁਕਿਆ ਹੋਣ ਦੇ ਬਾਵਜੂਦ ਨਾ ਕੋਈ ਹਾਰਨ ਵਜਾਉਂਦਾ ਹੈ ਅਤੇ ਨਾ ਹੀ ਜ਼ਲਦਬਾਜੀ ਦਿਖਾਉਂਦਾ ਹੈ’

ਲੰਗਰ ਲਈ ਕਈ ਵਾਰ ਸਾਮਾਨ ਸੜਕ ਦੇ ਦੂਜੇ ਪਾਸੇ ਉਤਾਰ ਦਿੱਤਾ ਜਾਂਦਾ ਹੈ, ਤਦ 8-10 ਨੌਜਵਾਨ ਚੇਨ ਬਣਾ ਕਰ ਇੱਕ-ਦੂਜੇ ਨੂੰ ਸਾਮਾਨ ਫੜਾਉਂਦੇ ਹੋਏ ਸੜਕ ਦੇ ਦੂਜੇ ਪਾਸੇ ਲੰਗਰ ਤਕ ਸਾਮਾਨ ਪਹੁੰਚਾ ਦਿੰਦੇ ਹਨ। ਇਹ ਸਭ ਸਿਰਫ਼ 2 ਮਿੰਟ ਵਿਚ ਹੋ ਜਾਂਦਾ ਹੈ ਪਰ ਇਸ ਦੌਰਾਨ ਸੜਕ ’ਤੇ ਆਵਾਜਾਈ ਰੋਕਣੀ ਪੈਂਦੀ ਹੈ। ਇਸ ਅੰਦੋਲਨ ਨੂੰ ਲੋਕਾਂ ਦੇ ਮਿਲ ਰਹੇ ਸਮਰਥਨ ਦੀ ਇਹ ਸਾਫ਼ ਉਦਾਹਰਣ ਹੈ ਕਿ ਟ੍ਰੈਫਿਕ ਰੁਕਿਆ ਹੋਣ ਦੇ ਬਾਵਜੂਦ ਨਾ ਕੋਈ ਹਾਰਨ ਵਜਾਉਂਦਾ ਹੈ ਅਤੇ ਨਾ ਹੀ ਕੋਈ ਜ਼ਲਦਬਾਜੀ ਦਿਖਾਉਂਦਾ ਹੈ।

PunjabKesari
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News