ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਸਤੇਂਦਰ ਜੈਨ ''ਤੇ ਲਗਾਇਆ ਧਮਕੀ ਦੇਣ ਦਾ ਦੋਸ਼

Thursday, Jan 05, 2023 - 03:24 PM (IST)

ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਸਤੇਂਦਰ ਜੈਨ ''ਤੇ ਲਗਾਇਆ ਧਮਕੀ ਦੇਣ ਦਾ ਦੋਸ਼

ਨਵੀਂ ਦਿੱਲੀ (ਭਾਸ਼ਾ)- ਤਿਹਾੜ ਜੇਲ੍ਹ ਦੇ ਸੀਨੀਅਰ ਅਧਿਕਾਰੀਆਂ ਨੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ 'ਤੇ ਉਨ੍ਹਾਂ ਨੂੰ ਧਮਕੀ ਦੇਣ ਅਤੇ ਡਰਾਉਣ ਦਾ ਦੋਸ਼ ਲਗਾਇਆ ਹੈ। ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਇਸ ਸੰਬੰਧ 'ਚ ਡਾਇਰੈਕਟਰ ਜਨਰਲ (ਜੇਲ੍ਹ) ਨੂੰ ਸ਼ਿਕਾਇਤ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਮਨੀ ਲਾਂਡਰਿੰਗ ਮਾਮਲੇ 'ਚ ਪਿਛਲੇ ਸਾਲ ਗ੍ਰਿਫ਼ਤਾਰ ਕੀਤੇ ਗਏ ਜੈਨ ਉਦੋਂ ਤੋਂ ਜੇਲ੍ਹ 'ਚ ਹਨ। ਜੇਲ੍ਹ 'ਚ ਮਾਲਸ਼ ਕਰਵਾਉਂਦੇ ਅਤੇ ਮਹਿਮਾਨਾਂ ਨਾਲ ਮਿਲਣ ਦੇ ਉਨ੍ਹਾਂ ਦੇ ਵੀਡੀਓ ਨੇ ਕਾਫ਼ੀ ਵਿਵਾਦ ਖੜ੍ਹਾ ਕੀਤਾ ਸੀ। ਇਸ ਦੌਰਾਨ ਵਿਰੋਧੀ ਧਿਰ ਨੇ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹਟਾਏ ਜਾਣ ਦਾ ਵੀ ਮੰਗ ਕੀਤੀ ਸੀ।

ਸੂਤਰਾਂ ਨੇ ਦੱਸਿਆ ਕਿ ਤਿਹਾੜ ਜੇਲ੍ਹ ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਜੇਲ ਸੰਖਿਆ-7 ਦੇ ਸੁਪਰਡੈਂਟ, ਡਿਪਟੀ ਸੁਪਰਡੈਂਟ, ਸਹਾਇਕ ਸੁਪਰਡੈਂਟ ਅਤੇ ਕਾਨੂੰਨ ਅਧਿਕਾਰੀ ਨੇ ਡਾਇਰੈਕਟਰ ਜਨਰਲ (ਜੇਲ੍ਹ) ਨੂੰ ਸ਼ਿਕਾਇਤ ਦਿੱਤੀ ਕਿ ਜੈਨ ਨੇ ਉਨ੍ਹਾਂ ਨੂੰ ਅਪਸ਼ਬਦ ਬੋਲੇ ਹਨ ਅਤੇ ਜੇਲ੍ਹ ਤੋਂ ਬਾਹਰ ਨਿਕਲਣ ਤੋਂ ਬਾਅਦ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਹੈ। ਇਕ ਸੂਤਰ ਨੇ ਦੱਸਿਆ,''ਜੈਨ ਇਨ੍ਹਾਂ ਅਧਿਕਾਰੀਆਂ ਅਤੇ ਹੋਰ ਨੂੰ ਖੁੱਲ੍ਹੇਆਮ ਧਮਕਾਉਂਦੇ ਰਹੇ ਹਨ ਜੋ ਉਨ੍ਹਾਂ ਨੂੰ ਮਾਲਸ਼ ਕਰਾਉਣ, ਬਾਹਰ ਦਾ ਖਾਣਾ ਖਾਣ ਅਤੇ ਹੋਰ ਵਿਸ਼ੇਸ਼ ਸਹੂਲਤਾਂ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।'' ਸੂਤਰ ਨੇ ਦੱਸਿਆ ਕਿ 2 ਅਧਿਕਾਰੀਆਂ ਨੇ 8 ਦਸੰਬਰ 2022 ਨੂੰ ਹੋਈ ਇਕ ਘਟਨਾ ਦੇ ਸੰਬੰਧ 'ਚ ਜੈਨ ਖ਼ਿਲਾਫ਼ ਸ਼ਿਕਾਇਤ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ ਡੀ.ਪੀ.ਆਰ., 2018 ਦੇ ਨਿਯਮ 1,272 ਅਨੁਸਾਰ ਜੈਨ ਨੂੰ ਕਾਰਨ ਦੱਸੋ ਨੋਟਿਸ ਦੇਣ ਗਏ ਤਾਂ ਜੈਨ ਨੇ ਧਮਕਾਇਆ। ਇਸ ਮੁੱਦੇ 'ਤੇ ਆਮ ਆਦਮੀ ਪਾਰਟੀ (ਆਪ) ਜਾਂ ਦਿੱਲੀ ਸਰਕਾਰ ਵਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।


author

DIsha

Content Editor

Related News