ਹਰਿਆਣਾ ਦੇ ਤਿੰਨ ਸ਼ਾਤਿਰ ਬਦਮਾਸ਼ ਹਥਿਆਰਾਂ ਨਾਲ ਗ੍ਰਿਫ਼ਤਾਰ

12/05/2022 5:53:36 PM

ਦੇਹਰਾਦੂਨ (ਵਾਰਤਾ)- ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ 'ਚ ਅਪਰਾਧਕ ਘਟਨਾ ਨੂੰ ਅੰਜਾਮ ਦੇਣ ਲਈ ਗੈਰ-ਕਾਨੂੰਨੀ ਹਥਿਆਰਾਂ ਨਾਲ ਹਰਿਆਣਾ ਤੋਂ ਆਏ ਤਿੰਨ ਸ਼ਾਤਿਰ ਬਦਮਾਸ਼ਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਪੁਲਸ ਸੁਪਰਡੈਂਟ ਸਵੇਤਾ ਚੌਬੇ ਵਲੋਂ ਚੈਕਿੰਗ ਮੁਹਿੰਮ ਚਲਾ ਕੇ ਸ਼ੱਕੀ ਵਿਅਕਤੀਆਂ, ਅਸਮਾਜਿਕ ਤੱਤਾਂ ਵਿਰੁੱਧ ਠੋਸ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਜਿਸ ਕਾਰਨ ਐਤਵਾਰ ਦੇਰ ਰਾਤ ਥਾਣਾ ਲਕਸ਼ਮਣ ਝੂਲਾ ਪੁਲਸ ਨੇ ਚੈਕਿੰਗ ਦੌਰਾਨ ਇਨ੍ਹਾਂ ਨੌਜਵਾਨਾਂ ਨੂੰ ਰੋਕਿਆ। ਤਲਾਸ਼ੀ 'ਚ ਇਨ੍ਹਾਂ ਨੌਜਵਾਨਾਂ ਤੋਂ ਤਿੰਨ ਤਮੰਚੇ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। 

ਗ੍ਰਿਫ਼ਤਾਰ ਨੌਜਵਾਨ ਪ੍ਰਵੀਨ ਪੁੱਤਰ ਗੋਪਾਲ, ਵਾਸੀ ਪਿੰਡ ਗੇਹਲਵ, ਥਾਣਾ ਬਹੀਨ, ਪੰਕਜ ਪੁੱਤਰ ਸੁਭਾਸ਼ ਅਤੇ ਗੌਰਵ ਪੁੱਤਰ ਹੁਸ਼ਿਆਰ ਸਿੰਘ, ਵਾਸੀ ਪਿੰਡ ਖਜੂਰਕਾ, ਥਾਣਾ ਚਾਂਦਹਟ, ਜ਼ਿਲ੍ਹਾ ਪਲਵਲ (ਹਰਿਆਣਾ) ਨੇ ਪੁਲਸ ਨੂੰ ਪੁੱਛ-ਗਿੱਛ 'ਚ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਬੇਰਜ਼ੁਗਾਰ ਚੱਲ ਰਹੇ ਹਨ, ਪੈਸਿਆਂ ਦੀ ਜ਼ਰੂਰਤੀ ਪੈਂਦੀ ਰਹਿੰਦੀ ਹੈ। ਇਸ ਲਈ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘਰੋਂ ਨਿਕਲੇ ਸਨ। ਘੁੰਮਦੇ ਹੋਏ ਨੀਲਕੰਠ ਮੰਦਰ ਤੋਂ ਲਕਸ਼ਮਣ ਝੂਲਾ ਵੱਲ ਆ ਰਹੇ ਸਨ। ਦੋਸ਼ੀ ਪੰਕਜ ਨੇ ਦੱਸਿਆ ਕਿ ਉਹ ਪਹਿਲਾਂ ਕਤਲ ਦੀ ਕੋਸ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਜ਼ੁਰਮ 'ਚ ਗੁਰੂਗ੍ਰਾਮ, ਹਰਿਆਣਾ ਤੋਂ ਜੇਲ੍ਹ ਜਾ ਚੁੱਕਿਆ ਹੈ। ਨਾਲ ਹੀ ਦੋਸ਼ੀ ਪ੍ਰਵੀਨ ਵਲੋਂ ਦੱਸਿਆ ਗਿਆ ਕਿ ਉਹ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਜ਼ੁਰਮ 'ਚ ਥਾਣਾ ਸਦਰ ਪਲਵਲ, ਹਰਿਆਣਾ ਤੋਂ ਜੇਲ੍ਹ ਜਾ ਚੁੱਕਿਆ ਹੈ। ਦੋਵੇਂ ਮੌਜੂਦਾ ਸਮੇਂ ਜ਼ਮਾਨਤ 'ਤੇ ਚੱਲ ਰਹੇ ਹਨ। ਤੀਜੇ ਦੋਸ਼ੀ ਗੌਰਵ ਦੇ ਅਪਰਾਧਕ ਇਤਿਹਾਸ ਦੀ ਜਾਣਕਾਰੀ ਲਈ ਜਾ ਰਹੀ ਹੈ।


DIsha

Content Editor

Related News