ਸ਼ੋਪੀਆਂ ’ਚ ਜ਼ਬਰਦਸਤ ਮੁਕਾਬਲਾ, ਲਸ਼ਕਰ ਦੇ 3 ਅੱਤਵਾਦੀ ਮਾਰੇ

Wednesday, Aug 31, 2022 - 10:40 AM (IST)

ਸ਼ੋਪੀਆਂ ’ਚ ਜ਼ਬਰਦਸਤ ਮੁਕਾਬਲਾ, ਲਸ਼ਕਰ ਦੇ 3 ਅੱਤਵਾਦੀ ਮਾਰੇ

ਸ਼ੋਪੀਆਂ/ਜੰਮੂ, (ਉਦੇ/ਅਰੀਜ)– ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਨਾਗਬਲ ’ਚ ਸੁਰੱਖਿਆ ਦਸਤਿਆਂ ਨੇ ਮੁਕਾਬਲੇ ’ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ। ਖੇਤਰ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਦੁਪਹਿਰ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹਨ।

ਜਾਣਕਾਰੀ ਅਨੁਸਾਰ ਪੁਲਸ, ਸੀ. ਆਰ. ਪੀ. ਐੱਫ. ਅਤੇ ਫੌਜ ਦੀ ਸਾਂਝੀ ਟੀਮ ਨੇ ਨਾਗਬਲ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਸੁਰੱਖਿਆ ਦਸਤਿਆਂ ਦੀ ਸਾਂਝੀ ਟੀਮ ਸ਼ੱਕੀ ਸਥਾਨ ਵੱਲ ਵਧੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਉਸ ਦਾ ਮੂੰਹ-ਤੋੜ ਜਵਾਬ ਦਿੱਤਾ।

ਕਸ਼ਮੀਰ ਜ਼ੋਨ ਦੀ ਪੁਲਸ ਨੇ ਨਾਗਬਲ ’ਚ ਸੁਰੱਖਿਆ ਦਸਤਿਆਂ ਵਿਚਾਲੇ ਮੁਕਾਬਲਾ ਸ਼ੁਰੂ ਹੋਣ ’ਤੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ। ਖੇਤਰ ’ਚ ਸੁਰੱਖਿਆ ਦਸਤਿਆਂ ਨੇ ਘੇਰਾ ਪਾਇਆ ਹੋਇਆ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਜੇ ਹੋਰ ਅੱਤਵਾਦੀ ਉਥੇ ਲੁਕੇ ਹੋ ਸਕਦੇ ਹਨ। ਏ.ਡੀ.ਜੀ.ਪੀ. ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਤਿੰਨੋਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸੰਬੰਧਤ ਸਨ। 

ਮੁਕਾਬਲੇ ’ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦਾਨਿਸ਼ ਖੁਰਸ਼ੀਦ ਭੱਟ, ਤਨਵੀਰ ਵਾਨੀ ਅਤੇ ਤੌਸੀਫ ਭੱਟ ਦੇ ਰੂਪ ’ਚ ਹੋਈ ਹੈ। ਇਹ ਤਿੰਨੋਂ ਕਈ ਅੱਤਵਾਦੀ ਸਰਗਰਮੀਆਂ ਅਤੇ ਅਪਰਾਧਾਂ ਵਿਚ ਸ਼ਾਮਲ ਸਨ। ਦਾਨਿਸ਼ ਨੌਜਵਾਨਾਂ ਨੂੰ ਅੱਤਵਾਦ ਵਿਚ ਭਰਤੀ ਕਰਵਾ ਕੇ ਸ਼ੋਪੀਆਂ ਵਿਚ ਸਰਗਰਮ ਕਰਦਾ ਸੀ। ਸੂਤਰਾਂ ਮੁਤਾਬਕ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਇਤਰਾਜ਼ਯੋਗ ਦਸਤਾਵੇਜ਼ ਵੀ ਬਰਾਮਦ ਹੋਏ ਹਨ। 


author

Rakesh

Content Editor

Related News