ਤਾਮਿਲਨਾਡੂ 'ਚੋਂ ਚੋਰੀ ਕੀਤੀਆਂ ਗਈਆਂ 3 ਪ੍ਰਾਚੀਨ ਮੂਰਤੀਆਂ ਅਮਰੀਕਾ 'ਚ ਮਿਲੀਆਂ
Thursday, Sep 08, 2022 - 05:09 PM (IST)
ਚੇਨਈ (ਭਾਸ਼ਾ)- ਤਾਮਿਲਨਾਡੂ ਦੇ ਕੁੰਬਕੋਨਮ 'ਚ ਇਕ ਮੰਦਰ ਤੋਂ ਚੋਰੀ ਹੋਈਆਂ ਤਿੰਨ ਮੂਰਤੀਆਂ ਅਮਰੀਕਾ ਦੇ ਅਜਾਇਬ ਘਰਾਂ/ਨਿਲਾਮੀ ਘਰਾਂ ਵਿੱਚੋਂ ਮਿਲੀਆਂ ਹਨ। ਇਨ੍ਹਾਂ ਵਿਚ ਕਲਿੰਗਨਾਰਥਨ ਕ੍ਰਿਸ਼ਨ ਦੀ ਮੂਰਤੀ ਵੀ ਸ਼ਾਮਲ ਹੈ। ਸੀ.ਆਈ.ਡੀ. ਦੀ ਮੂਰਤੀ ਇਕਾਈ ਨੇ ਵੀਰਵਾਰ ਨੂੰ ਕਿਹਾ ਕਿ ਕਲਿੰਗਨਾਰਥਨ ਕ੍ਰਿਸ਼ਨ, ਵਿਸ਼ਨੂੰ ਅਤੇ ਸ਼੍ਰੀਦੇਵੀ ਦੀਆਂ ਕਾਂਸੀ ਦੀਆਂ ਮੂਰਤੀਆਂ ਕੁੰਬਕੋਨਮ ਦੇ ਸੁੰਦਰਾ ਪੇਰੂਮਲਕੋਵਿਲ ਪਿੰਡ ਦੇ ਅਰੁਲਮਿਗੂ ਸੌਂਦਰਾਰਾਜਾ ਪੇਰੂਮੱਲੀ ਮੰਦਰ ਤੋਂ ਚੋਰੀ ਹੋ ਗਈਆਂ ਸਨ। ਪੁਲਸ ਨੇ ਦੱਸਿਆ ਕਿ ਕਰੀਬ 60 ਸਾਲ ਪਹਿਲਾਂ ਕਲਿੰਗਾਰਥਨ ਕ੍ਰਿਸ਼ਨ, ਵਿਸ਼ਨੂੰ ਅਤੇ ਸ਼੍ਰੀਦੇਵੀ ਦੀਆਂ ਮੂਰਤੀਆਂ ਦੀ ਥਾਂ 'ਤੇ ਉਨ੍ਹਾਂ ਦੀਆਂ ਨਕਲੀ ਮੂਰਤੀਆਂ ਮੰਦਰ 'ਚ ਰੱਖੀਆਂ ਗਈਆਂ ਸਨ ਅਤੇ ਇੰਨੇ ਸਾਲਾਂ ਤੱਕ ਇਹ ਕਿਸੇ ਦਾ ਧਿਆਨ ਨਹੀਂ ਗਿਆ।
ਇਹ ਵੀ ਪੜ੍ਹੋ : 62 ਸਾਲ ਪਹਿਲਾਂ ਤਾਮਿਲਨਾਡੂ ਦੇ ਮੰਦਰ ਤੋਂ ਚੋਰੀ ਹੋਈ ਭਗਵਾਨ ਨਟਰਾਜ ਦੀ ਮੂਰਤੀ ਅਮਰੀਕਾ 'ਚ ਮਿਲੀ
ਮੂਰਤੀ ਇਕਾਈ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਕੇ. ਜਯੰਤ ਮੁਰਲੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਇਹ ਸਾਬਿਤ ਹੋਇਆ ਹੈ ਕਿ ਮੂਰਤੀਆਂ ਅਮਰੀਕਾ ਦੇ ਅਜਾਇਬ ਘਰਾਂ/ਨਿਲਾਮੀ ਘਰਾਂ ਵਿਚ ਹਨ ਅਤੇ ਇਕਾਈ ਨੇ ਤਿੰਨਾਂ ਮੂਰਤੀਆਂ ਨੂੰ ਤਾਮਿਲਨਾਡੂ ਵਾਪਸ ਲਿਆਉਣ ਲਈ ਦਸਤਾਵੇਜ਼ ਜਮ੍ਹਾ ਕਰ ਦਿੱਤੇ ਹਨ। ਇਥੇ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਕਲਿੰਗਨਾਰਥਨ ਕ੍ਰਿਸ਼ਨ ਦੀ ਮੂਰਤੀ ਅਮਰੀਕਾ ਦੇ ਸੈਨ ਫਰਾਂਸਿਸਕੋ 'ਚ 'ਏਸ਼ੀਅਨ ਆਰਟ ਮਿਊਜ਼ੀਅਮ' 'ਚ ਮਿਲੀ ਹੈ, ਜਦਕਿ ਵਿਸ਼ਨੂੰ ਦੀ ਮੂਰਤੀ ਟੈਕਸਾਸ ਦੇ 'ਕਿਮਬੇਲ ਆਰਟ ਮਿਊਜ਼ੀਅਮ' 'ਚ ਅਤੇ ਸ਼੍ਰੀਦੇਵੀ ਦੀ ਮੂਰਤੀ ਫਲੋਰੀਡਾ ਦੇ 'ਹਿਲਸ ਆਕਸ਼ਨ ਹਾਊਸ' 'ਚ ਮਿਲੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ