ਖੁਦਕੁਸ਼ੀ ਦੀ ਧਮਕੀ ਦੇਣਾ ਬੇਰਹਿਮੀ, ਇਹ ਤਲਾਕ ਦਾ ਜਾਇਜ਼ ਆਧਾਰ : ਬੰਬੇ ਹਾਈ ਕੋਰਟ
Friday, Mar 28, 2025 - 05:15 AM (IST)

ਮੁੰਬਈ (ਭਾਸ਼ਾ) - ਬੰਬੇ ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਫੈਸਲਾ ਸੁਣਾਇਆ ਕਿ ਜੀਵਨ ਸਾਥੀ ਵੱਲੋਂ ਖੁਦਕੁਸ਼ੀ ਦੀ ਧਮਕੀ ਦੇਣਾ ਜਾਂ ਕੋਸ਼ਿਸ਼ ਕਰਨੀ ‘ਬੇਰਹਿਮੀ’ ਦੇ ਬਰਾਬਰ ਹੈ ਅਤੇ ਇਹ ਤਲਾਕ ਲਈ ਇਕ ਜਾਇਜ਼ ਆਧਾਰ ਹੈ। ਹਾਈ ਕੋਰਟ ਦੀ ਔਰੰਗਾਬਾਦ ਬੈਂਚ ਦੇ ਜਸਟਿਸ ਆਰ. ਐੱਮ. ਜੋਸ਼ੀ ਨੇ ਆਪਣੇ ਹੁਕਮ ਵਿਚ ਇਕ ਜੋੜੇ ਦੇ ਵਿਆਹ ਨੂੰ ਭੰਗ ਕਰਨ ਸਬੰਧੀ ਪਰਿਵਾਰਕ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਿਆ।
ਔਰਤ ਨੇ ਪਰਿਵਾਰਕ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦਾ ਰੁਖ ਕੀਤਾ ਸੀ। ਪਰਿਵਾਰਕ ਅਦਾਲਤ ਵਿਚ ਤਲਾਕ ਦੀ ਅਰਜ਼ੀ ਦਾਇਰ ਕਰਦੇ ਸਮੇਂ ਪਤੀ ਨੇ ਦੋਸ਼ ਲਗਾਇਆ ਸੀ ਕਿ ਪਤਨੀ ਨੇ ਖੁਦਕੁਸ਼ੀ ਕਰਨ ਅਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜੇਲ ਭੇਜਣ ਦੀ ਧਮਕੀ ਦਿੱਤੀ ਸੀ। ਉਸ ਨੇ ਪਰਿਵਾਰਕ ਅਦਾਲਤ ’ਚ ਤਲਾਕ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਹਿੰਦੂ ਵਿਆਹ ਐਕਟ ਦੇ ਉਪਬੰਧਾਂ ਤਹਿਤ ਬੇਰਹਿਮੀ ਹੈ।
ਬੰਬੇ ਹਾਈ ਕੋਰਟ ਦੀ ਬੈਂਚ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਪਤੀ ਅਤੇ ਹੋਰ ਗਵਾਹਾਂ ਵੱਲੋਂ ਪਰਿਵਾਰਕ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਸਬੂਤ ਇਹ ਦਰਸਾਉਂਦੇ ਹਨ ਕਿ ਪਤੀ ਵੱਲੋਂ ਬੇਰਹਿਮੀ ਦਾ ਕੀਤਾ ਗਿਆ ਦਾਅਵਾ ਸਹੀ ਹੈ। ਇਸ ਜੋੜੇ ਦਾ ਵਿਆਹ ਅਪ੍ਰੈਲ 2009 ਵਿਚ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਧੀ ਵੀ ਹੈ।