ਸਨਾਤਨੀਆਂ ਦੀ ਧਮਕੀ - ਮਸਜਿਦ ’ਚੋਂ ਆਵਾਜ਼ ਆਈ ਤਾਂ ਲਾਸ਼ਾਂ ਗਿਣਨ ਲਈ ਤਿਆਰ ਰਹਿਣਾ
Sunday, Jul 14, 2024 - 05:02 PM (IST)
ਮੁਰਾਦਨਗਰ, (ਆਕਾਸ਼ ਸ਼ਰਮਾ)- ਸ਼ਨੀਵਾਰ ਇੱਥੇ ਇਕ ਧਾਰਮਿਕ ਥਾਂ ਦੇ ਕੰਪਲੈਕਸ ’ਚ ਸਨਾਤਨੀਆਂ ਦੀ ਧਮਕੀ ਭਰੀ ਚਿੱਠੀ ਮਿਲਣ ਪਿੱਛੋਂ ਭੜਥੂ ਮਚ ਗਿਆ। ਚਿੱਠੀ ’ਚ ਲਾਊਡਸਪੀਕਰ ਦੀ ਆਵਾਜ਼ ਘੱਟ ਨਾ ਹੋਣ ’ਤੇ ਲਾਸ਼ਾਂ ਦੀ ਗਿਣਤੀ ਕਰਨ ਦੀ ਧਮਕੀ ਦਿੱਤੀ ਗਈ ਹੈ। ਪੁਲਸ ਨੇ ਇਸ ਸਬੰਧੀ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਬੀ.ਟੈਕ. ਪਾਸ ਹੈ। ਉਹ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਹੈ।
ਸੁਨਹਿਰੀ ਮਸਜਿਦ ਦੇ ਰੂਪ ’ਚ ਉਕਤ ਧਾਰਮਿਕ ਥਾਂ ਆਦਰਸ਼ ਨਗਰ ਕਾਲੋਨੀ ਵਿੱਚ ਹੈ। ਕੁਝ ਸ਼ਰਧਾਲੂ ਸਵੇਰੇ ਨਮਾਜ਼ ਅਦਾ ਕਰਨ ਲਈ ਮਸਜਿਦ ’ਚ ਗਏ ਸਨ। ਇਸ ਦੌਰਾਨ ਕਲਵਾ ਅਹਿਮਦ ਨੂੰ ਇਕ ਧਮਕੀ ਭਰੀ ਚਿੱਠੀ ਮਿਲੀ। ਚਿੱਠੀ ’ਚ ਲਿਖਿਆ ਸੀ ਕਿ ਮੇਰੀ ਗੱਲ ਧਿਆਨ ਨਾਲ ਸੁਣੋ, ਜੇ ਮਸਜਿਦ ਦੇ ਲਾਊਡ ਸਪੀਕਰ ’ਚੋਂ ਆਵਾਜ਼ ਆਉਂਦੀ ਹੈ ਤਾਂ ਲਾਸ਼ਾਂ ਦੀ ਗਿਣਤੀ ਕਰਨ ਲਈ ਤਿਆਰ ਰਹਿਣਾ। ਲਾਊਡ ਸਪੀਕਰ ਨੂੰ ਜਲਦੀ ਤੋਂ ਜਲਦੀ ਬੰਦ ਕਰ ਦੇਣਾ ਚਾਹੀਦਾ ਹੈ।
ਇਸ ਤੋਂ ਬਾਅਦ ਬਹੁਤ ਸਾਰੇ ਨਾਗਰਿਕ ਉੱਥੇ ਇਕੱਠੇ ਹੋ ਗਏ, ਜਿਨ੍ਹਾਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਸੂਚਨਾ ਮਿਲਣ ’ਤੇ ਮੁਰਾਦਨਗਰ ਥਾਣਾ ਇੰਚਾਰਜ ਮੁਕੇਸ਼ ਸੋਲੰਕੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕਰਵਾਇਆ।
ਏ. ਸੀ. ਪੀ. ਮਸੂਰੀ ਸਰਕਲ ਨੇ ਦੱਸਿਆ ਕਿ ਪੁਲਸ ਟੀਮ ਨੇ ਆਦਰਸ਼ ਨਗਰ ਕਾਲੋਨੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਸ਼ੱਕੀ ਨੌਜਵਾਨ ਸੀ. ਸੀ. ਟੀ. ਵੀ. ’ਚ ਨਜ਼ਰ ਆਇਆ। ਪੁਲਸ ਨੇ ਫੁਟੇਜ ਦੇ ਆਧਾਰ ’ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸਿਰਫ 4 ਘੰਟਿਆਂ ’ਚ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਨੌਜਵਾਨ ਨੇ ਆਪਣਾ ਨਾਂ ਲਕਸ਼ੈ ਤਿਆਗੀ ਵਾਸੀ ਬ੍ਰਜਵਿਹਾਰ ਕਾਲੋਨੀ ਦੱਸਿਆ। ਐੱਸ.ਪੀ. ਅਨੁਸਾਰ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।